ਦਿੱਲੀ-ਚੰਡੀਗੜ੍ਹ-ਲੁਧਿਆਣਾ ਰੂਟ ’ਤੇ ਚੱਲਣਗੀਆਂ ਬੁਲੇਟ ਟ੍ਰੇਨ
ਨਵੀਂ ਦਿੱਲੀ:- ਭਾਰਤੀ ਰੇਲਵੇ ਵੱਲੋਂ ਤੇਜ਼ ਰਫਤਾਰ ਅਤੇ ਅਰਧ-ਤੇਜ਼ ਸਪੀਡ ਕੋਰੀਡੋਰਾਂ ਲਈ 6 ਰੂਟਾਂ ਦੀ ਸ਼ਨਾਖ਼ਤ ਕੀਤੀ ਗਈ ਹੈ, ਜਿਨ੍ਹਾਂ ’ਤੇ 300 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਦੌੜਨ ਵਾਲੀਆਂ ਬੁਲੇਟ ਟ੍ਰੇਨਾਂ ਚਲਾਈਆਂ ਜਾਣਗੀਆਂ । ਉਥੇ ਹੀ ਸੈਮੀ-ਹਾਈ ਸਪੀਡ ਲਾਂਘੇ ’ਤੇ ਟ੍ਰੇਨ ਦੀ ਸਪੀਡ 160 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ । ਇਨ੍ਹਾਂ ਵਿੱਚ 500 ਕਿਲੋਮੀਟਰ ਲੰਮਾ ਦਿੱਲੀ-ਅੰਮ੍ਰਿਤਸਰ ਰੂਟ ਵੀ ਸ਼ਾਮਿਲ ਹੋਵੇਗਾ । ਇਸ ਸਬੰਧੀ ਵਿਸਤ੍ਰਿਤ ਪ੍ਰੋਜੇਕਟ ਰਿਪੋਰਟ ਇੱਕ ਸਾਲ ਵਿੱਚ ਤਿਆਰ ਹੋ ਜਾਵੇਗੀ ।
ਇਸ ਸਬੰਧੀ ਰੇਲਵੇ ਬੋਰਡ ਦੇ ਚੇਅਰਮੈਨ ਵੀ ਕੇ ਯਾਦਵ ਨੇ ਬੁੱਧਵਾਰ ਨੂੰ ਕਿਹਾ ਕਿ ਇਨ੍ਹਾਂ ਸੈਕਸ਼ਨਾਂ ਬਾਰੇ ਵਿਸਥਾਰਤ ਪ੍ਰੋਜੈਕਟ ਰਿਪੋਰਟ ਇਕ ਸਾਲ ਦੇ ਅੰਦਰ ਤਿਆਰ ਕਰ ਲਈ ਜਾਵੇਗੀ । ਨਵੇਂ ਕੋਰੀਡੋਰ ਉਸਾਰੀ ਅਧੀਨ ਮੁੰਬਈ-ਅਹਿਮਦਾਬਾਦ ਹਾਈ-ਸਪੀਡ ਰੂਟ ਵਿੱਚ ਸ਼ਾਮਿਲ ਹੋਣਗੇ । ਉਨ੍ਹਾਂ ਦੱਸਿਆ ਕਿ ਸ਼ਨਾਖ਼ਤ ਕੀਤੇ ਇਨ੍ਹਾਂ ਰੂਟਾਂ ਵਿੱਚ ਦਿੱਲੀ, ਨੌਇਡਾ, ਆਗਰਾ, ਲਖਨਊ, ਵਾਰਾਨਸੀ, ਜੈਪੁਰ, ਅਹਿਮਦਾਬਾਦ, ਪੁਣੇ, ਹੈਦਰਾਬਾਦ ਤੇ ਬੈਂਗਲੁਰੂ ਸ਼ਾਮਿਲ ਹਨ । ਇਨ੍ਹਾਂ 6 ਰੂਟਾਂ ਵਿੱਚ ਦਿੱਲੀ-ਨੌਇਡਾ-ਆਗਰਾ-ਵਾਰਾਨਸੀ ਵਿਚਲੀ 865 ਕਿਲੋਮੀਟਰ ਦੀ ਦੂਰੀ ਵੀ ਸ਼ਾਮਿਲ ਹੈ । ਉਨ੍ਹਾਂ ਦੱਸਿਆ ਕਿ ਮੁੰਬਈ-ਅਹਿਮਦਾਬਾਦ ਹਾਈ ਸਪੀਡ ਰੂਟ ਦਾ ਨਿਰਮਾਣ ਪਹਿਲਾਂ ਹੀ ਚੱਲ ਰਿਹਾ ਹੈ । ਇਸ ਦੇ ਨਾਲ ਹੀ ਦਿੱਲੀ ਤੋਂ ਜੈਪੁਰ-ਉਦੇਪੁਰ-ਅਹਿਮਦਾਬਾਦ ਤੱਕ ਦੇ 886 ਕਿਲੋਮੀਟਰ, ਮੁੰਬਈ-ਨਾਸਿਕ-ਨਾਗਪੁਰ ਦੇ 753 ਕਿਲੋਮੀਟਰ, ਮੁੰਬਈ-ਪੁਣੇ-ਹੈਦਰਾਬਾਦ ਦੇ 711 ਕਿਲੋਮੀਟਰ, ਚੇੱਨਈ-ਬੈਂਗਲੁਰੂ-ਮੈਸੂਰ ਦੇ 435 ਕਿਲੋਮੀਟਰ ਲੰਮੇ ਰੂਟ ‘ਤੇ ਵੀ ਬੁਲੇਟ ਟ੍ਰੇਨਾਂ ਦੌੜਿਆ ਕਰਨਗੀਆਂ । ਇਸ ਸਬੰਧੀ ਯਾਦਵ ਨੇ ਦੱਸਿਆ ਕਿ ਛੇ ਕੋਰੀਡੋਰਾਂ ਦੀ ਪਛਾਣ ਕਰ ਲਈ ਹੈ ਅਤੇ ਉਨ੍ਹਾਂ ਦੀਆਂ ਵਿਸਤ੍ਰਿਤ ਪ੍ਰੋਜੈਕਟ ਰਿਪੋਰਟਾਂ ਸਾਲ ਦੇ ਅੰਦਰ-ਅੰਦਰ ਤਿਆਰ ਕੀਤੀਆਂ ਜਾਣਗੀਆਂ । ਜਿਸ ਵਿੱਚ ਡੀਪੀਆਰ ਇਨ੍ਹਾਂ ਰੂਟਾਂ ਦੀ ਸੰਭਾਵਨਾ ਦਾ ਅਧਿਐਨ ਕਰੇਗੀ, ਜਿਸ ਵਿੱਚ ਜ਼ਮੀਨ ਦੀ ਉਪਲਬਧਤਾ, ਅਲਾਈਨਮੈਂਟ ਅਤੇ ਉਥੇ ਟ੍ਰੈਫਿਕ ਸੰਭਾਵਨਾ ਦਾ ਅਧਿਐਨ ਸ਼ਾਮਿਲ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਮੁੰਬਈ ਅਤੇ ਅਹਿਮਦਾਬਾਦ ਦਰਮਿਆਨ ਭਾਰਤ ਦਾ ਬੁਲੇਟ ਟ੍ਰੇਨ ਪ੍ਰਾਜੈਕਟ, ਦੇਸ਼ ਦਾ ਪਹਿਲਾ ਹਾਈ-ਸਪੀਡ ਕੋਰੀਡੋਰ ਦਸੰਬਰ 2023 ਤੱਕ ਪੂਰਾ ਹੋ ਜਾਵੇਗਾ । ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਲਈ 1,380 ਹੈਕਟੇਅਰ ਜ਼ਮੀਨ ਦੀ ਜਰੂਰਤ ਹੈ । ਉਨ੍ਹਾਂ ਦੱਸਿਆ ਕਿ 1,005 ਹੈਕਟੇਅਰ ਨਿੱਜੀ ਜ਼ਮੀਨ ਸੀ, ਜਿਸ ਵਿਚੋਂ 471 ਹੈਕਟੇਅਰ ਐਕੁਆਇਰ ਕੀਤੀ ਗਈ ਹੈ ।