ਨਾਸਾ ਚੰਨ 'ਤੇ ਨਹੀਂ ਲੱਭ ਸਕਿਆ ਵਿਕਰਮ ਲੈਂਡਰ

ਨਵੀਂ ਦਿੱਲੀ:- ਭਾਰਤੀ ਪੁਲਾੜ ਏਜੰਸੀ (ਇਸਰੋ) ਦੇ ਚੰਦਰਯਾਨ-2 ਦੇ ਵਿਕਰਮ ਲੈਂਡਰ ਨੂੰ ਅਮਰੀਕੀ ਪੁਲਾੜ ਏਜੰਸੀ ਨਾਸਾ ਦਾ ਲੂਨਰ ਰਿਕਾਨਸੈਂਸ ਆਰਬਿਟਰ (ਐੱਲ.ਆਰ.ਓ.) ਨਹੀਂ ਲੱਭ ਸਕਿਆ। ਨਾਸਾ ਨੇ ਕਿਹਾ ਕਿ ਹੁਣ ਅਸੀਂ ਵਿਕਰਮ ਲੈਂਡਰ ਨੂੰ ਦੁਬਾਰਾ ਅਕਤੂਬਰ ਨੂੰ ਲੱਭਣ ਦੀ ਕੋਸ਼ਿਸ਼ ਕਰਾਂਗੇ। ਨਾਸਾ ਐੱਲ.ਆਰ.ਓ. ਦੇ ਵਿਗਿਆਨੀਆਂ ਨੇ ਦੱਸਿਆ ਕਿ ਵਿਕਰਮ ਲੈਂਡਰ ਚੰਨ ਦੇ ਦੱਖਣੀ ਧਰੁਵ ਤੋਂ ਕਰੀਬ 600 ਕਿਲੋਮੀਟਰ ਦੂਰ ਡਿੱਗਿਆ ਸੀ। 17 ਸਤੰਬਰ ਨੂੰ ਐੱਲ.ਆਰ.ਓ. ਨੇ ਉਸ ਇਲਾਕੇ ਦੇ ਉੱਪਰੋਂ ਉਡਾਣ ਭਰੀ ਪਰ ਸ਼ਾਮ ਦਾ ਮਾਹੌਲ ਹੋਣ ਕਾਰਨ ਉਸ ਜਗ੍ਹਾ ਦੀ ਸਹੀ ਤਸਵੀਰ ਨਹੀਂ ਆ ਸਕੀ ਹੈ। ਇਸ ਲਈ ਅਸੀਂ ਵਿਕਰਮ ਨੂੰ ਲੱਭ ਨਹੀਂ ਸਕੇ। ਇਸ ਨੂੰ ਦੁਬਾਰਾ ਅਕਤੂਬਰ 'ਚ ਲੱਭਣ ਦੀ ਕੋਸ਼ਿਸ਼ ਕਰਾਂਗੇ, ਜਦੋਂ ਉੱਥੇ ਪੂਰੀ ਰੋਸ਼ਨੀ ਹੋਵੇਗੀ। ਦੂਜੇ ਪਾਸੇ ਇਸਰੋ ਦੇ ਚੇਅਰਮੈਨ ਡਾ. ਕੇ. ਸਿਵਾਨ ਨੇ ਕਿਹਾ ਕਿ ਚੰਦਰਯਾਨ-2 ਦਾ ਆਰਬਿਟਰ ਬਿਹਤਰੀਨ ਕੰਮ ਕਰ ਰਿਹਾ ਹੈ। ਉਸ ਦੇ ਸਾਰੇ ਪੇਲੋਡ (ਯੰਤਰ) ਸਹੀ ਤਰੀਕੇ ਨਾਲ ਕੰਮ ਕਰ ਰਹੇ ਹਨ। ਆਰਬਿਟਰ ਨੇ ਚੰਨ ਦੀ ਸਤਿਹ ਨੂੰ ਲੈ ਕੇ ਪ੍ਰਯੋਗ ਕਰਨੇ ਸ਼ੁਰੂ ਕਰ ਦਿੱਤੇ ਹਨ। ਸਾਨੂੰ ਲੈਂਡਰ ਤੋਂ ਕੋਈ ਸਿਗਨਲ ਨਹੀਂ ਮਿਲਿਆ ਹੈ ਪਰ ਸਾਡਾ ਆਰਬਿਟਰ ਹਾਲੇ ਵੀ ਚੰਨ ਦੇ ਚਾਰੇ ਪਾਸੇ ਚੱਕਰ ਲਗਾਉਂਦੇ ਹੋਏ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ। ਵਿਕਰਮ ਲੈਂਡਰ ਨਾਲ ਕੀ ਗਲਤ ਹੋਇਆ, ਇਸ ਦੀ ਜਾਂਚ ਰਾਸ਼ਟਰੀ ਪੱਧਰ ਦੀ ਕਮੇਟੀ ਕਰ ਰਹੀ ਹੈ। ਕਮੇਟੀ ਦੀ ਰਿਪੋਰਟ ਆਉਣ ਤੋਂ ਬਾਅਦ ਅਸੀਂ ਭਵਿੱਖ ਦੀ ਯੋਜਨਾ 'ਤੇ ਕੰਮ ਕਰਾਂਗੇ। ਜ਼ਿਕਰਯੋਗ ਹੈ ਕਿ 5 ਦਿਨ ਪਹਿਲਾਂ ਯਾਨੀ 21 ਸਤੰਬਰ ਨੂੰ ਕੇ. ਸਿਵਾਨ ਨੇ ਕਿਹਾ ਸੀ ਕਿ ਮਿਸ਼ਨ ਚੰਦਰਯਾਨ-2 ਤੋਂ ਬਾਅਦ ਹੁਣ ਇਸਰੋ ਗਗਨਯਾਨ ਮਿਸ਼ਨ 'ਤੇ ਫੋਕਸ ਕਰੇਗਾ। ਸਿਵਾਨ ਨੇ ਸ਼ਨੀਵਾਰ ਨੂੰ ਕਿਹਾ ਕਿ ਚੰਦਰਯਾਨ-2 ਦੇ ਲੈਂਡਰ ਨਾਲ ਸੰਪਰਕ ਨਹੀਂ ਹੋ ਰਿਹਾ ਹੈ। ਆਰਬਿਟਰ ਕੰਮ ਕਰ ਰਿਹਾ ਹੈ। ਆਰਬਿਟਰ 'ਚ 8 ਯੰਤਰ ਲੱਗੇ ਹਨ ਅਤੇ ਹਰੇਕ ਇੰਸਟੂਮੈਂਟ ਆਪਣਾ ਕੰਮ ਠੀਕ ਤਰ੍ਹਾਂ ਨਾਲ ਕਰ ਰਿਹਾ ਹੈ। ਹੁਣ ਸਾਡੀ ਅਗਲੀ ਪਹਿਲ ਗਗਨਯਾਨ ਮਿਸ਼ਨ ਹੈ। ਨਾਸਾ ਦੇ ਲੂਨਰ ਰਿਕਾਨਸੈਂਸ ਆਰਬਿਟਰ (ਐੱਲ.ਆਰ.ਓ.) ਦੇ ਪ੍ਰਾਜੈਕਟ ਸਾਇੰਟਿਸਟ ਨੋਆ.ਈ.ਪੇਤ੍ਰੋ ਨੇ ਦੱਸਿਆ ਸੀ ਕਿ ਚੰਨ 'ਤੇ ਸ਼ਾਮ ਹੋਣ ਲੱਗੀ ਹੈ। ਸਾਡਾ ਐੱਲ.ਆਰ.ਓ. ਵਿਕਰਮ ਲੈਂਡਰ ਦੀਆਂ ਤਸਵੀਰਾਂ ਤਾਂ ਲਵੇਗਾ ਪਰ ਇਸ ਗੱਲ ਦੀ ਗਾਰੰਟੀ ਨਹੀਂ ਹੈ ਕਿ ਤਸਵੀਰਾਂ ਸਪੱਸ਼ਟ ਆਉਣਗੀਆਂ। ਕਿਉਂਕਿ ਸ਼ਾਮ ਨੂੰ ਸੂਰਜ ਦੀ ਰੋਸ਼ਨੀ ਘੱਟ ਹੁੰਦੀ ਹੈ ਅਤੇ ਅਜਿਹੇ 'ਚ ਚੰਨ ਦੀ ਸਤਿਹ 'ਤੇ ਮੌਜੂਦ ਕਿਸੇ ਵੀ ਵਸਤੂ ਦੀਆਂ ਸਪੱਸ਼ਟ ਤਸਵੀਰਾਂ ਲੈਣਾ ਚੁਣੌਤੀਪੂਰਨ ਕੰਮ ਹੋਵੇਗਾ ਪਰ ਜੋ ਵੀ ਤਸਵੀਰਾਂ ਆਉਣਗੀਆਂ, ਉਨ੍ਹਾਂ ਨੂੰ ਅਸੀਂ ਇਸਰੋ ਨਾਲ ਸਾਂਝਾ ਕਰਾਂਗੇ। ਇਸਰੋ ਨੇ 7 ਸਤੰਬਰ ਤੜਕੇ 1.50 ਵਜੇ ਦੇ ਨੇੜੇ-ਤੇੜੇ ਵਿਕਰਮ ਲੈਂਡਰ ਨੂੰ ਚੰਨ ਦੇ ਦੱਖਣੀ ਧਰੁਵ 'ਤੇ ਲੈਂਡ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਇਹ ਲੈਂਡਿੰਗ ਉਮੀਦ ਅਨੁਸਾਰ ਨਹੀਂ ਹੋ ਸਕੀ ਅਤੇ ਵਿਕਰਮ ਨਾਲ ਸੰਪਰਕ ਟੁੱਟ ਗਿਆ ਸੀ।