ਸਮੂਹ ਵਿਭਾਗਾਂ ਦੀਆਂ ਜਥੇਬੰਦੀਆਂ ਨੇ ਛੁੱਟੀ ਲੈ ਕੇ ਕੱਢਿਆ ਰੋਸ ਮਾਰਚ
ਸ੍ਰੀ ਮੁਕਤਸਰ ਸਾਹਿਬ :- ਸੂਬਾ ਕਮੇਟੀ ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਯੂ.ਟੀ. ਵਲੋਂ ਦਿੱਤੇ ਗਏ ਸੱਦੇ 'ਤੇ ਜ਼ਿਲੇ ਦੇ ਸਮੂਹ ਵਿਭਾਗਾਂ ਦੀਆਂ ਜਥੇਬੰਦੀਆਂ ਵਲੋਂ ਸਮੂਹਿਤ ਛੁੱਟੀ ਲੈ ਕੇ ਮੋਟਰਸਾਈਕਲ ਰੋਸ ਮਾਰਚ ਕੱਢਿਆ ਗਿਆ। ਪੀ. ਐੱਸ. ਐੱਮ. ਐੱਸ. ਯੂ. ਦੇ ਜ਼ਿਲਾ ਪ੍ਰਧਾਨ ਕਰਮਜੀਤ ਸ਼ਰਮਾ, ਜ਼ਿਲਾ ਡੀ.ਸੀ. ਦਫਤਰ ਇੰਮਪਲਾਈਜ਼ ਯੂਨੀਅਨ ਦੇ ਪ੍ਰਧਾਨ ਵਰਿੰਦਰ ਢੋਸੀਵਾਲ ਤੇ ਪੈਨਸ਼ਨਰਜ਼ ਯੂਨੀਅਨ ਦੇ ਪ੍ਰਧਾਨ ਨੱਥਾ ਸਿੰਘ ਦੀ ਪ੍ਰਧਾਨਗੀ ਹੇਠ ਸਥਾਨਕ ਡੀ.ਸੀ. ਦਫਤਰ ਤੋਂ ਕੱਢਿਆ ਗਿਆ ਇਹ ਮਾਰਚ ਬਾਜ਼ਾਰਾਂ 'ਚੋਂ ਹੁੰਦਾ ਹੋਇਆ ਘਾਹ ਮੰਡੀ ਚੌਕ ਪੁੱਜਾ, ਜਿਸ ਦੌਰਾਨ ਉਨ੍ਹਾਂ ਨੇ ਸਰਕਾਰ ਦਾ ਪਿੱਟ ਸਿਆਪਾ ਕੀਤਾ। ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਪ੍ਰੈੱਸ ਸਕੱਤਰ ਕਾਲਾ ਸਿੰਘ ਬੇਦੀ ਨੇ ਦੱਸਿਆ ਕਿ ਸਰਕਾਰ ਵਲੋਂ ਮੰਗਾਂ ਨਾ ਮੰਨਣ ਕਰਕੇ ਬਾਈ ਇਲੈਕਸ਼ਨ 'ਚ ਸਰਕਾਰ ਦਾ ਵਿਰੋਧ ਕੀਤਾ ਜਾਵੇਗਾ, ਜਿਸ ਦੌਰਾਨ ਲੋਕਾਂ ਨੂੰ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਬਾਰੇ ਦੱਸਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁਲਾਜ਼ਮ ਅਤੇ ਆਮ ਜਨਤਾ ਨੂੰ ਝੂਠੇ ਲਾਰੇ ਲਾ ਕੇ ਸੱਤਾ 'ਚ ਆਈ ਕੈਪਟਨ ਸਰਕਾਰ ਨੇ ਰਾਜ ਗੱਦੀ ਸੰਭਾਲਣ ਉਪਰੰਤ ਕਿਸੇ ਵਰਗ ਦੀ ਸਾਰ ਨਹੀਂ ਲਈ, ਸਗੋਂ ਆਪਣਾ ਹੱਕ ਮੰਗਣ ਵਾਲਿਆਂ ਨੂੰ ਪੁਲਸ ਤੇ ਲਾਠੀ ਦੇ ਜ਼ੋਰ 'ਤੇ ਦਬਾਉਣ ਦੀ ਕੋਸ਼ਿਸ਼ ਕੀਤੀ। ਇਸ ਰੈਲੀ 'ਚ ਪੈਨਸ਼ਨਰਜ਼ ਅਤੇ ਮੁਲਾਜ਼ਮਾਂ 'ਚ ਸਰਕਾਰ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ।