ਉੱਡਦੇ ਜਹਾਜ਼ ਦਾ ਮੁੱਕਿਆ ਤੇਲ, ਵਾਲ-ਵਾਲ ਬਚੇ 153 ਯਾਤਰੀ!
ਨਵੀਂ ਦਿੱਲੀ:- ਮੌਸਮ ਖ਼ਰਾਬ ਹੋਣ ਕਰਕੇ ਮੁੰਬਈ ਤੋਂ ਦਿੱਲੀ ਜਾ ਰਹੇ ਵਿਸਤਾਰਾ ਏਅਰਲਾਈਨ ਦੇ ਇੱਕ ਜਹਾਜ਼ ਦੀ ਲਖਨਊ ਏਅਰਪੋਰਟ ‘ਤੇ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਇਸ ਦੌਰਾਨ ਕਰੀਬ ਤਿੰਨ ਘੰਟੇ ਤਕ ਜਹਾਜ਼ ‘ਚ ਸਵਾਰ 153 ਯਾਤਰੀਆਂ ਦੀ ਜਾਨ ਮੁਸੀਬਤ ‘ਚ ਫਸੀ ਰਹੀ ਕਿਉਂਕਿ ਜਿਸ ਵੇਲੇ ਜਹਾਜ਼ ਨੂੰ ਏਅਰਪੋਰਟ ‘ਤੇ ਉਤਾਰਿਆ ਗਿਆ ਉਸ ‘ਚ ਸਿਰਫ ਪੰਜ ਮਿੰਟ ਦਾ ਫਿਊਲ ਬਚਿਆ ਸੀ।ਏਅਰਲਾਈਨ ਨੇ ਇੱਕ ਬਿਆਨ ‘ਚ ਕਿਹਾ ਕਿ ਲਖਨਊ ਏਅਰਪੋਰਟ ‘ਤੇ ਅਚਾਨਕ ਵਿਜ਼ੀਬਿਲਟੀ ਘੱਟ ਹੋ ਗਈ ਸੀ। ਇਸ ਕਰਕੇ ਉੱਥੇ ਸੁਰੱਖਿਅਤ ਲੈਂਡਿੰਗ ਨਹੀਂ ਹੋ ਸਕੀ। ਪਾਈਲਟ ਟੀਮ ਨੇ ਕਾਨਪੁਰ ਤੇ ਪ੍ਰਯਾਗਰਾਜ ਸਣੇ ਦੂਜੀਆਂ ਥਾਂਵਾਂ ‘ਤੇ ਵੀ ਲੈਂਡਿੰਗ ਦੀ ਸੰਭਾਵਨਾ ਨੂੰ ਤਲਾਸ਼ ਕੀਤਾ ਸੀ। ਪਾਇਲਟਾਂ ਨੇ ਐਮਰਜੈਂਸੀ ਸੰਦੇਸ਼ ਭੇਜ ਕੇ ਜਹਾਜ਼ ਨੂੰ ਲਖਨਊ ਹਵਾਈ ਅੱਡੇ ‘ਤੇ ਉਤਾਰਿਆ ਤਾਂ ਫਿਊਲ ਟੈਂਕ ਤਕਰੀਬਨ ਖਾਲੀ ਸੀ।ਪਰ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚ ਗਿਆ।