ਜੀ-7 ਸੰਮੇਲਨ ਤੋਂ ਬਾਅਦ ਮੋਦੀ ਨੇ ਆਪਣੇ ਬ੍ਰਿਟਿਸ਼ ਹਮਰੁਤਬਾ ਜਾਨਸਨ ਨਾਲ ਕੀਤੀ ਗੱਲਬਾਤ

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ  ਮੋਦੀ ਫਰਾਂਸ ਦੌਰੇ ‘ਤੇ ਹਨ, ਜਿਥੇ ਉਹਨਾਂ ਨੇ ਜੀ-7 ਸ਼ਿਖਰ ਸੰਮੇਲਨ ‘ਚ ਹਿੱਸਾ ਲੈਣ ਤੋਂ ਬਾਅਦ ਬ੍ਰਿਟੇਨ ਦੇ ਆਪਣੇ ਹਮਰੁਤਬਾ ਬੋਰਿਸ ਜਾਨਸਨ ਨਾਲ ਮੁਲਾਕਾਤ ਕੀਤੀ। ਦੋਹਾਂ ਨੇਤਾਵਾਂ ਨੇ ਵਪਾਰ, ਨਿਵੇਸ਼, ਰੱਖਿਆ, ਸਿੱਖਿਆ ਜਿਹੇ ਅਹਿਮ ਖੇਤਰਾਂ 'ਚ ਦੋ-ਪੱਖੀ ਸਹਿਯੋਗ ਵਧਾਉਣ ਦੀ ਤਰੀਕਿਆਂ 'ਤੇ ਚਰਚਾ ਕੀਤੀ। ਫਰਾਂਸ ਦੇ ਦੱਖਣ-ਪੱਛਮੀ 'ਚ ਸਥਿਤ ਬਿਆਰਿਤਜ਼ 'ਚ ਜੀ-7 ਸ਼ਿਖਰ ਸੰਮੇਲਨ ਤੋਂ ਬਾਅਦ ਮੋਦੀ ਨੇ ਜਾਨਸਨ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਮੋਦੀ ਬਹਿਰੀਨ ਦੀ ਰਾਜਧਾਨੀ ਮਨਾਮਾ ਤੋਂ ਬਿਆਰਿਤਜ਼ ਪਹੁੰਚੇ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ, ਜੀ-7 ਸ਼ਿਖਰ ਸੰਮੇਲਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨਾਲ ਚੰਗੀ ਬੈਠਕ ਹੋਈ। ਵਪਾਰ ਅਤੇ ਨਿਵੇਸ਼, ਰੱਖਿਆ ਅਤੇ ਸੁਰੱਖਿਆ, ਵਿਗਿਆਨ ਅਤੇ ਤਕਨਾਲੋਜੀ, ਸਿੱਖਿਆ ਦੇ ਖੇਤਰਾਂ 'ਚ ਸਾਡੇ ਦੋ-ਪੱਖੀ ਸਬੰਧਾਂ ਨੂੰ ਹੋਰ ਵਧਾਉਣ ਕਰਨ 'ਤੇ ਚਰਚਾ ਕੀਤੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਫਤਰ ਨੇ ਟਵੀਟ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਗੱਲਬਾਤ ਦੀ ਸ਼ੁਰੂਆਤ 'ਚ ਪ੍ਰਧਾਨ ਮੰਤਰੀ ਜਾਨਸਨ ਨੂੰ ਤੀਜੇ ਟੈਸਟ ਮੈਚ 'ਚ ਇੰਗਲੈਂਡ ਦੀ ਸ਼ਾਨਦਾਰ ਜਿੱਤ 'ਤੇ ਵਧਾਈ ਦਿੱਤੀ। ਦੋਹਾਂ ਨੇਤਾਵਾਂ ਦੀ ਬੈਠਕ ਭਾਰਤ ਸਰਕਾਰ ਵੱਲੋਂ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਨ ਅਤੇ ਰਾਜ ਨੂੰ 2 ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ 'ਚ ਵੰਡਣ ਦੇ ਕੁਝ ਹੀ ਸਮੇਂ ਬਾਅਦ ਹੋ ਰਹੀ ਹੈ।