ਨਵੇਂ ਸਾਲ ‘ਚ ਆਮ ਲੋਕਾਂ ਦੀ ਜੇਬ ‘ਤੇ ਪਵੇਗਾ ਭਾਰੀ ਅਸਰ , LPG ਸਿਲੰਡਰ ਹੋਇਆ ਮਹਿੰਗਾ
ਅੱਜ ਨਵੇਂ ਸਾਲ ਦਾ ਆਗਾਜ਼ ਹੋ ਗਿਆ ਹੈ ਅਤੇ ਸਾਲ 2020 ਸ਼ੁਰੂ ਹੋ ਗਿਆ ਹੈ। ਜਿੱਥੇ ਅੱਜ ਪੂਰੀ ਦੁਨੀਆਂ ਭਰ ਦੇ ਵਿੱਚ ਨਵੇਂ ਸਾਲ ਦੇ ਜਸ਼ਨ ਮਨਾਏ ਜਾ ਰਹੇ ਹਨ ,ਓਥੇ ਹੀ ਨਵੇਂ ਸਾਲ ‘ਤੇ ਲੋਕਾਂ ਦੀ ਜੇਬ ‘ਤੇ ਭਾਰੀ ਬੋਝ ਪੈਣ ਜਾ ਰਿਹਾ ਹੈ। ਇਕ ਜਨਵਰੀ ਤੋਂ ਤੁਹਾਡੀ ਰਸੋਈ ਦਾ ਖ਼ਰਚ ਵੱਧਣ ਵਾਲਾ ਹੈ ਕਿਉਂਕਿ ਅੱਜ ਤੋਂ ਘਰੇਲੂ ਗੈਸ ਸਿਲੰਡਰ ਦਾ ਮੁੱਲ 19 ਰੁਪਏ ਤਕ ਵੱਧ ਗਿਆ ਹੈ। ਇਸ ਤੋਂ ਬਾਅਦ ਰਾਜਧਾਨੀ ਦਿੱਲੀ ਵਿਚ ਔਰਤਾਂ ਨੂੰ ਬਿਨ੍ਹਾਂ ਸਬਸਿਡੀ ਵਾਲੇ ਸਿਲੰਡਰ ਲਈ 714 ਰੁਪਏ ਦੇਣੇ ਪੈਣਗੇ। ਉਥੇ ਕਮਰਸ਼ੀਅਲ ਸਿਲੰਡਰ ਦਾ ਮੁੱਲ 1241 ਰੁਪਏ ਹੋ ਗਿਆ ਹੈ। ਦੇਸ਼ ਦੀਆਂ ਤੇਲ ਕੰਪਨੀਆਂ ਨੇ 1 ਜਨਵਰੀ ਤੋਂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿਚ ਵਾਧੇ ਦਾ ਐਲਾਨ ਕੀਤਾ ਹੈ। ਇਹ ਵਾਧਾ ਥੋੜਾ ਨਹੀਂ ਬਲਕਿ ਬਹੁਤ ਜ਼ਿਆਦਾ ਹੈ। ਦੱਸ ਦੇਈਏ ਕਿ ਇਹ ਲਗਾਤਾਰ ਪੰਜਵਾਂ ਮਹੀਨਾ ਹੈ ਜਦੋਂ ਤੇਲ ਕੰਪਨੀਆਂ ਨੇ ਐਲਪੀਜੀ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਹੈ। ਸਤੰਬਰ ਵਿਚ ਦਿੱਲੀ ਵਿਚ ਗੈਸ ਸਿਲੰਡਰ 590 ਰੁਪਏ ਸੀ,ਅਕਤੂਬਰ ਵਿਚ 605, ਨਵੰਬਰ ਵਿਚ 681 ਰੁਪਏ ਅਤੇ ਹੁਣ ਇਹ 695 ਰੁਪਏ ਮਿਲ ਰਿਹਾ ਹੈ।