ਰਸੋਈ ਗੈਸ ਦੀਆਂ ਕੀਮਤਾਂ ’ਚ ਹੋਇਆ ਵਾਧਾ

ਨਵੀਂ ਦਿੱਲੀ:- ਰਸੋਈ ਦੇ ਬਜਟ ਵਿੱਚ ਅੱਜ ਤੋਂ ਵਾਧਾ ਕਰ ਦਿੱਤਾ ਗਿਆ ਹੈ, ਜਿਸ ਵਿੱਚ ਬਿਨ੍ਹਾਂ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਗਿਆ ਹੈ । ਦਰਅਸਲ, ਬਿਨ੍ਹਾਂ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਵਿੱਚ ਅੱਜ ਯਾਨੀ ਕਿ ਬੁੱਧਵਾਰ 12 ਫਰਵਰੀ ਤੋਂ 150 ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ । ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵੱਧ ਹੋਣ ਤੋਂ ਬਾਅਦ ਇੰਡੀਅਨ ਆਇਲ ਅਨੁਸਾਰ ਦਿੱਲੀ ਵਿੱਚ 14 ਕਿਲੋਗ੍ਰਾਮ ਵਾਲਾ ਸਿਲੰਡਰ ਹੁਣ 144.50 ਰੁਪਏ ਵੱਧ ਕੇ 858.50 ਰੁਪਏ ਵਿੱਚ ਮਿਲੇਗਾ । ਇਸ ਤੋਂ ਇਲਾਵਾ ਕੋਲਕਾਤਾ ਵਿੱਚ ਗੈਸ ਸਿਲੰਡਰ 896 ਰੁਪਏ ਦਾ ਹੋਵੇਗਾ, ਜਦਕਿ ਮੁੰਬਈ ਦੇ ਲੋਕਾਂ ਨੂੰ 829.50 ਰੁਪਏ ਵਿੱਚ ਮਿਲੇਗਾ । ਦੱਸ ਦੇਈਏ ਕਿ ਬਿਨ੍ਹਾਂ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਇਕ ਜਨਵਰੀ 2020 ਤੋਂ ਬਾਅਦ ਕੋਈ ਬਦਲਾਅ ਨਹੀਂ ਹੋਇਆ ਸੀ । ਹਰ ਮਹੀਨੇ ਸਬਸਿਡੀ ਅਤੇ ਮਾਰਕਿਟ ਰੇਟ ਵਿੱਚ ਬਦਲਾਅ ਹੁੰਦਾ ਹੈ, ਪਰ ਫਰਵਰੀ ਦੀ ਸ਼ੁਰੂਆਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ । ਉਥੇ ਹੀ ਪਿਛਲੇ ਮਹੀਨੇ ਤੱਕ ਸਬਸਿਡੀ ਵਾਲੀ ਕੁਕਿੰਗ ਗੈਸ ਦੇ ਭਾਅ ਪਿਛਲੇ ਛੇ ਮਹੀਨੇ ਵਿੱਚ 13 ਫੀਸਦੀ ਭਾਵ 62 ਰੁਪਏ ਪ੍ਰਤੀ ਸਿਲੰਡਰ ਵਧੇ ਹਨ । ਦੱਸ ਦੇਈਏ ਕਿ ਰਸੋਈ ਗੈਸ ਦੇ ਕੁੱਲ 27.6 ਕਰੋੜ ਦੇ ਕਰੀਬ ਉਪਭੋਕਤਾ ਹੈ। ਇਨ੍ਹਾਂ ਚੋਂ ਕਰੀਬ ਦੋ ਕਰੋੜ ਨੂੰ ਸਬਸਿਡੀ ਨਹੀਂ ਮਿਲਦੀ ਹੈ। ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ਵਿੱਚ ਸਰਕਾਰ ਵੱਲੋਂ ਇੱਕ ਸਾਲ ਵਿੱਚ ਹਰੇਕ ਘਰ ਲਈ 14.2 ਕਿਲੋਗ੍ਰਾਮ ਦੇ 12 ਸਿਲੰਡਰਾਂ ‘ਤੇ ਸਬਸਿਡੀ ਦਿੱਤੀ ਜਾਂਦੀ ਹੈ । ਜੇ ਇਸ ਤੋਂ ਵੱਧ ਸਿਲੰਡਰ ਚਾਹੀਦੇ ਹਨ, ਤਾਂ ਬਾਜ਼ਾਰ ਕੀਮਤ ‘ਤੇ ਖ਼ਰੀਦਦਾਰੀ ਕਰਨੀ ਹੁੰਦੀ ਹੈ ।