ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਸ਼ੁਰੂ

ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਸ਼ੁਰੂ, ਲੱਗੀਆਂ ਲੰਬੀਆਂ ਲਾਇਨਾਂ:ਨਵੀਂ ਦਿੱਲੀ : ਦਿੱਲੀ ਵਿੱਚ 70 ਵਿਧਾਨ ਸਭਾ ਸੀਟਾਂ ‘ਤੇ ਅੱਜ ਸਵੇਰੇ 8 ਵਜੇ ਤੋਂ ਵੋਟਾਂ ਪੈਣੀਆਂ ਸ਼ੁਰੂ ਹੋ ਚੁੱਕੀਆਂ ਹਨ ਅਤੇ ਵੋਟਿੰਗ ਸ਼ਾਮ 6 ਵਜੇ ਤੱਕ ਹੋਵੇਗੀ। ਜਿਸ ਦੇ ਲਈ ਵੋਟਰ ਸਵੇਰ ਤੋਂ ਲਾਇਨਾਂ ਵਿੱਚ ਲੱਗ ਕੇ ਆਪਣੀ ਵੋਟ ਦਾ ਭੁਗਤਾਨ ਕਰ ਰਹੇ ਹਨ। ਇਨ੍ਹਾਂ ਚੋਣਾਂ ਦੇ ਨਤੀਜੇ ਮੰਗਲਵਾਰ 11 ਫ਼ਰਵਰੀ ਨੂੰ ਆਉਣਗੇ।ਇਨ੍ਹਾਂ ਚੋਣਾਂ ‘ਚ ‘ਆਪ’ ਨੇ ਸਾਰੀਆਂ 70 ਸੀਟਾਂ ਲਈ ਉਮੀਦਵਾਰ ਖੜੇ ਕੀਤੇ ਹਨ। ਇਸ ਦੇ ਨਾਲ ਹੀ ਕਾਂਗਰਸ 66 ਅਤੇ ਭਾਜਪਾ 67 ਸੀਟਾਂ ‘ਤੇ ਚੋਣ ਲੜ ਰਹੀ ਹੈ। ਭਾਜਪਾ ਨੇ ਆਪਣੀ ਸਹਿਯੋਗੀ ਪਾਰਟੀਆਂ ਲਈ ਤਿੰਨ ਸੀਟਾਂ ਛੱਡੀਆਂ ਹਨ। ਇਸ ਵਿਚੋਂ ਦੋ ਸੀਟਾਂ ‘ਤੇ ਜੇਡੀਯੂ ਅਤੇ ਇਕ ਸੀਟ ‘ਤੇ ਲੋਕ ਜਨਸ਼ਕਤੀ ਪਾਰਟੀ ਦੇ ਉਮੀਦਵਾਰ ਮੈਦਾਨ ‘ਚ ਹਨ।ਚੋਣ ਕਮਿਸ਼ਨ ਮੁਤਾਬਿਕ ਕੁੱਲ 2688 ਪੋਲਿੰਗ ਕੇਂਦਰਾਂ ਦੇ 13750 ਬੂਥਾਂ ‘ਤੇ ਵੋਟਿੰਗ ਹੋ ਰਹੀ ਹੈ। ਚੋਣ ਅਧਿਕਾਰੀ ਨੇ ਦੱਸਿਆ ਕਿ 8 ਫਰਵਰੀ ਨੂੰ ਵੋਟ ਪਾਉਣ ਲਈ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪਾਈਆਂ ਜਾ ਸਕਣਗੀਆਂ ਪਰ ਸ਼ਾਮ 6 ਵਜੇ ਤੱਕ ਵੋਟਰ ਪੋਲਿੰਗ ਸਟੇਸ਼ਨ ਦੇ ਅੰਦਰ ਆ ਜਾਣਗੇ। ਵੋਟ ਪਾਉਣ ਲਈ ਇਕ ਕਰੋੜ 47 ਲੱਖ 86 ਹਜ਼ਾਰ 382 ਵੋਟਰ ਹੋਣਗੇ। ਇਨ੍ਹਾਂ ਵਿਚ 81 ਲੱਖ ਪੰਜ ਹਜ਼ਾਰ 236 ਮਰਦ ਅਤੇ 66 ਲੱਖ 80 ਹਜ਼ਾਰ 277 ਵੋਟਰ ਔਰਤਾਂ ਹਨ। ਇਨ੍ਹਾਂ ਤੋਂ ਇਲਾਵਾ 869 ਤੀਜੇ ਲਿੰਗ ਦੇ ਵੋਟਰ ਹਨ। ਇਨ੍ਹਾਂ ਵਿੱਚੋਂ ਪਹਿਲੀ ਵੋਟ ਪਾਉਣ ਵਾਲਿਆਂ ਦੀ ਗਿਣਤੀ 2.32 ਲੱਖ ਹੈ।