ਬੈਂਕਾਂ 'ਚ ਫਿਰ ਹੋ ਸਕਦੀ ਹੈ 2 ਦਿਨਾਂ ਹੜਤਾਲ
ਨਵੀ ਦਿੱਲੀ:- ਬੈਂਕ ਸੰਗਠਨਾਂ ਨੇ ਦੁਬਾਰਾ ਹੜਤਾਲ ਦਾ ਐਲਾਨ ਕੀਤਾ ਹੈ।
ਬੈਂਕ ਕਰਮਚਾਰੀ ਸੰਗਠਨਾਂ ਨੇ 31 ਜਨਵਰੀ ਤੋਂ ਦੋ ਦਿਨਾਂ ਹੜਤਾਲ ਦੀ ਚਿਤਾਵਨੀ ਦਿੱਤੀ ਹੈ। ਹੜਤਾਲ ਕਾਰਨ ਲਗਾਤਾਰ ਤਿੰਨ ਦਿਨ ਬੈਂਕ ਬੰਦ ਰਹਿਣ ਕਾਰਨ ਜਨਤਾ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ 2 ਫਰਵਰੀ ਨੂੰ ਐਤਵਾਰ ਵੀ ਹੈ। ਬੈਂਕ ਬੰਦ ਹੋਣ ਕਾਰਨ ਏ. ਟੀ. ਐੱਮ. 'ਚ ਨਕਦੀ ਦੀ ਕਮੀ ਵੀ ਹੋ ਸਕਦੀ ਹੈ।
ਇੰਡੀਅਨ ਬੈਂਕਸ ਐਸੋਸੀਏਸ਼ਨ (ਆਈ. ਬੀ. ਏ.) ਨਾਲ ਤਨਖਾਹਾਂ ਸੰਬੰਧੀ ਗੱਲਬਾਤ ਫੇਲ੍ਹ ਹੋਣ ਤੋਂ ਬਾਅਦ ਬੈਂਕ ਕਰਮਚਾਰੀ ਸੰਗਠਨਾਂ ਨੇ 31 ਜਨਵਰੀ ਤੇ 1 ਫਰਵਰੀ ਨੂੰ ਹੜਤਾਲ ਦਾ ਸੱਦਾ ਦਿੱਤਾ ਹੈ। ਇਸ ਮਹੀਨੇ ਇਹ ਦੂਜੀ ਬੈਂਕ ਹੜਤਾਲ ਹੋਵੇਗੀ। ਇਸ ਤੋਂ ਪਹਿਲਾਂ 8 ਜਨਵਰੀ ਨੂੰ ਭਾਰਤ ਬੰਦ 'ਚ ਵੀ 6 ਬੈਂਕ ਕਰਮਚਾਰੀ ਸੰਗਠਨ ਸ਼ਾਮਲ ਹੋਏ ਸਨ। 1 ਫਰਵਰੀ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਬਜਟ ਪੇਸ਼ ਕੀਤਾ ਜਾਣਾ ਹੈ। ਇਸ ਤੋਂ ਇਕ ਦਿਨ ਪਹਿਲਾਂ 31 ਜਨਵਰੀ ਨੂੰ ਆਰਥਿਕ ਸਰਵੇ ਰਿਪੋਰਟ ਪੇਸ਼ ਕੀਤੀ ਜਾਏਗੀ। ਬੈਂਕਾਂ ਕਰਮਚਾਰੀ ਸੰਗਠਨਾਂ ਨੇ ਹੜਤਾਲ ਦੀ ਚਿਤਾਵਨੀ ਉਸ ਸਮੇਂ ਦਿੱਤੀ ਹੈ ਜਦੋਂ ਸਟਾਕ ਐਕਸਚੇਂਜਾਂ ਨੇ ਵੀ ਸ਼ਨੀਵਾਰ ਨੂੰ ਵਿਸ਼ੇਸ਼ ਤੌਰ 'ਤੇ ਬਜਟ ਵਾਲੇ ਦਿਨ ਖੁੱਲ੍ਹੇ ਰਹਿਣ ਦਾ ਫੈਸਲਾ ਕੀਤਾ ਹੈ। ਇੰਨਾ ਹੀ ਨਹੀਂ ਨੌਂ ਟਰੇਡ ਸੰਗਠਨਾਂ ਦੀ ਨੁਮਾਇੰਦਗੀ ਕਰਨ ਵਾਲੀ ਯੂ. ਐੱਫ. ਬੀ. ਯੂ. ਨੇ ਧਮਕੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਤਨਖਾਹ ਸੰਬੰਧੀ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ 11 ਤੋਂ 13 ਮਾਰਚ ਨੂੰ ਤਿੰਨ ਦਿਨ ਦੀ ਹੋਰ ਬੈਂਕ ਹੜਤਾਲ ਕੀਤੀ ਜਾ ਸਕਦੀ ਹੈ।