ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਰਸ਼ਲ ਅਰਜਨ ਸਿੰਘ ਦੇ ਸਨਮਾਨ 'ਚ ਜਾਰੀ ਕੀਤਾ ਡਾਕ ਟਿਕਟ

ਨਵੀਂ ਦਿੱਲੀ :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਹਵਾਈ ਫੌਜ ਦੇ 'ਪੰਜ ਤਾਰਾ' ਰੈਂਕ ਹਾਸਲ ਮਾਰਸ਼ਲ ਅਰਜਨ ਸਿੰਘ ਦੇ ਸਨਮਾਨ 'ਚ ਉਨ੍ਹਾਂ ਦੇ ਨਾਂ 'ਤੇ ਡਾਕ ਟਿਕਟ ਜਾਰੀ ਕੀਤਾ। ਪੀ.ਐੱਮ. ਮੋਦੀ ਨੇ ਟਵੀਟ ਕਰ ਕਿਹਾ, 'ਇਸ ਸਾਲ ਹਵਾਈ ਫੌਜ ਦੇ ਮਾਰਸ਼ਲ ਅਰਜਨ ਸਿੰਘ ਦੀ ਜਨਮ ਸ਼ਤਾਬਦੀ ਹੈ। ਦੇਸ਼ ਦੇ ਪ੍ਰਤੀ ਉਨ੍ਹਾਂ ਦੀ ਸੇਵਾ ਦਾ ਸਨਮਾਨ ਕਰਦੇ ਹੋਏ ਉਨ੍ਹਾਂ ਦੇ ਨਾਂ 'ਤੇ ਡਾਕ ਟਿਕਟ ਜਾਰੀ ਕੀਤਾ ਗਿਆ ਹੈ। ਮੈਂ ਕਾਮਨਾ ਕਰਦਾ ਹਾਂ ਕਿ ਉਨ੍ਹਾਂ ਦੀ ਬਹਾਦਰੀ ਸਾਡੇ ਦੇਸ਼ ਦੇ ਲੋਕਾਂ ਨੂੰ ਆਉਣ ਵਾਲੇ ਸਾਲਾਂ 'ਚ ਹਮੇਸ਼ਾ ਪ੍ਰੇਰਿਤ ਕਰਦਾ ਰਹੇਗਾ।' ਉਨ੍ਹਾਂ ਨੇ ਭਾਰਤੀ ਹਵਾਈ ਫੌਜ ਦੀ ਨਵੀਨਤਾ ਅਤੇ ਸਵਦੇਸ਼ੀਕਰਨ ਦੇ ਜ਼ਰੀਏ ਸਵੈ-ਨਿਰਭਰਤਾ 'ਤੇ ਆਧਾਰਿਤ ਪ੍ਰਦਰਸ਼ਨੀ ਦੀ ਵੀ ਘੁੰਢ ਚੁਕਾਈ ਕੀਤੀ। ਮੋਦੀ ਹਵਾਈ ਫੌਜ ਮੁਖੀ ਆਰ.ਕੇ.ਐੱਸ. ਭਦੌਰੀਆ ਦੀ ਰਿਹਾਇਸ਼ 'ਤੇ 87ਵੇਂ ਭਾਰਤੀ ਹਵਾਈ ਫੌਜ ਦਿਵਸ 'ਤੇ ਆਯੋਜਿਤ ਪ੍ਰੋਗਰਾਮ 'ਚ ਹਿੱਸਾ ਲੈਣ ਇਥੇ ਆਏ ਸਨ ਜਿਸ ਤੋਂ ਬਾਅਦ ਉਨ੍ਹਾਂ ਨੇ ਪ੍ਰਦਰਸ਼ਨੀ ਦੀ ਵੀ ਘੁੰਢ ਚੁਕਾਈ ਕੀਤੀ। ਪੀ.ਐੱਮ. ਮੋਦੀ ਕਰੀਬ ਇਕ ਘੰਟੇ ਤਕ ਇਥੇ ਮੌਜੂਦ ਰਹੇ ਅਤੇ ਉਨ੍ਹਾਂ ਨੇ ਇਸ ਦੌਰਾਨ ਸੀਨੀਅਰ ਰੱਖਿਆ ਅਧਿਕਾਰੀ ਅਤੇ ਵੱਖ-ਵੱਖ ਦੇਸ਼ਾਂ ਦੇ ਪਤਵੰਤਿਆਂ ਨਾਲ ਵੀ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਨੇਵੀ ਫੌਜ ਮੁਖੀ ਐਡਮਿਰਲ ਕਰਮਬੀਰ ਸਿੰਘ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਫੌਜ ਦੇ ਉਪ ਮੁਖੀ ਲੈਫਟੀਨੈਂਟ ਜਨਰਲ ਐੱਮ.ਐੱਨ. ਨਰਵਾਨੇ ਵੀ ਮੌਜੂਦ ਰਹੇ।