ਨਸ਼ੇ ਦੀ ਓਵਰਡੋਜ਼ ਕਰਕੇ ਯੂਨੀਵਰਸਿਟੀ ਵਿਦਿਆਰਥੀ ਦੀ ਮੌਤ
ਨਸ਼ੇ ਦੀ ਓਵਰਡੋਜ਼ ਲੈਣ ਕਰਕੇ ਰੋਹਤਕ ਦੀ ਮਹਾਰਸ਼ੀ ਦਇਆਨੰਦ ਯੂਨੀਵਰਸਿਟੀ ਦੇ ਵਿਦਿਆਰਥੀ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਗੌਰਵ ਵਜੋਂ ਹੋਈ ਹੈ ਜੋ ਬੀਏ ਪਹਿਲੇ ਸਾਲ ਦਾ ਵਿਦਿਆਰਥੀ ਸੀ। ਉਸ ਦੀ ਉਮਰ 18 ਸਾਲ ਦੱਸੀ ਜਾ ਰਹੀ ਹੈ ਤੇ ਉਹ ਜ਼ਿਲ੍ਹਾ ਝੱਜਰ ਦੇ ਪਿੰਡ ਆਸੰਡਾ ਦਾ ਰਹਿਣ ਵਾਲਾ ਸੀ। ਪੀਜੀਆਈ ਥਾਣਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਗੌਰਵ ਆਪਣੇ ਘਰ ਵਾਲਿਆਂ ਸਵੇਰੇ ਕਹਿ ਕੇ ਆਇਆ ਸੀ ਕਿ ਉਹ ਕਾਲਜ ਜਾ ਰਿਹਾ ਹੈ। ਦੁਪਹਿਰ ਕਰੀਬ ਇੱਕ ਵਜੇ ਉਸ ਦੇ 3-4 ਸਾਥੀ ਉਸ ਨੂੰ ਗੰਭੀਰ ਹਾਲਤ ਵਿੱਚ ਪੀਜੀਆਈ ਦੀ ਐਮਰਜੈਂਸੀ ਲੈ ਕੇ ਆਏ। ਮੁੱਢਲੇ ਇਲਾਜ ਬਾਅਦ ਉਸ ਦੇ ਸਾਥੀ ਡਾਕਟਰਾਂ ਨੂੰ ਬਿਨ੍ਹਾਂ ਦੱਸੇ ਉਸ ਨੂੰ ਵਾਪਸ ਲੈ ਆਏ।
ਇਸ ਮਗਰੋਂ ਦੇਰ ਸ਼ਾਮ ਨੂੰ ਕੁਝ ਅਣਪਛਾਤੇ ਨੌਜਵਾਨ ਗੌਰਵ ਨੂੰ ਫਿਰ ਪੀਜੀਆਈ ਐਮਰਜੈਂਸੀ ਲੈ ਕੇ ਆਏ। ਜਿਵੇਂ ਹੀ ਗੌਰਵ ਨੂੰ ਐਮਰਜੈਂਸੀ ਲਿਜਾਇਆ ਗਿਆ, ਨੌਜਵਾਨ ਫਰਾਰ ਹੋ ਗਏ। ਉੱਧਰ ਐਮਰਜੈਂਸੀ ਅੱਪੜਦਿਆਂ ਹੀ ਗੌਰਵ ਦੀ ਮੌਤ ਹੋ ਗਈ। ਡਾਕਟਰਾਂ ਮੁਤਾਬਕ ਉਸ ਦੀ ਮੌਤ ਨਸ਼ੇ ਦੀ ਓਵਰਡੋਜ਼ ਕਰਕੇ ਹੋਈ ਹੈ।