ਰਾਸ਼ਟਰਪਤੀ ਭਵਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਰੰਪ ਦਾ ਕੀਤਾ ਸਵਾਗਤ,
ਨਵੀਂ ਦਿੱਲੀ:— ਟਰੰਪ ਅਤੇ ਉਨ੍ਹਾਂ ਦੇ ਪਰਿਵਾਰ ਦਾ ਅਹਿਮਦਾਬਾਦ 'ਚ ਸਵਾਗਤ ਤੋਂ ਬਾਅਦ ਅੱਜ ਉਹ ਦਿੱਲੀ 'ਚ ਹਨ। ਰਾਸ਼ਟਰਪਤੀ ਭਵਨ 'ਚ ਉਨ੍ਹਾਂ ਦਾ ਰਸਮੀ ਸਵਾਗਤ ਕੀਤਾ ਗਿਆ। ਉਨ੍ਹਾਂ ਨੂੰ 'ਗਾਰਡ ਆਫ ਆਨਰ' ਦਿੱਤਾ ਗਿਆ ਅਤੇ ਇਸ ਦੇ ਨਾਲ ਹੀ 21 ਤੋਪਾਂ ਨਾਲ ਸਲਾਮੀ ਦਿੱਤੀ ਗਈ। ਇਸ ਦੌਰਾਨ ਟਰੰਪ ਨਾਲ ਉਨ੍ਹਾਂ ਦੀ ਪਤਨੀ ਮੇਲਾਨੀਆ, ਧੀ ਇਵਾਂਕਾ ਅਤੇ ਜਵਾਈ ਜੇਰੇਡ ਕੁਸ਼ਨਰ ਵੀ ਮੌਜੂਦ ਰਹੇ। ਰਾਸ਼ਟਰਪਤੀ ਭਵਨ ਪੁੱਜਦੇ ਹੀ ਟਰੰਪ ਅਤੇ ਉਨ੍ਹਾਂ ਦੇ ਪਰਿਵਾਰ ਦਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਉਨ੍ਹਾਂ ਦੀ ਪਤਨੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਸਮੀ ਸਵਾਗਤ ਕੀਤਾ। ਇਸ ਦੌਰਾਨ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, ਰੱਖਿਆ ਮੰਤਰੀ ਰਾਜਨਾਥ ਸਮੇਤ ਵੱਡੇ ਨੇਤਾ ਰਾਸ਼ਟਰਪਤੀ ਭਵਨ ਮੌਜੂਦ ਰਹੇ। ਰਾਸ਼ਟਰਪਤੀ ਭਵਨ ਤੋਂ ਬਾਅਦ ਟਰੰਪ ਰਾਜਘਾਟ ਪਹੁੰਚ ਕੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰਨਗੇ। ਰਾਜਘਾਟ ਤੋਂ ਬਾਅਦ ਟਰੰਪ ਹੈਦਰਾਬਾਦ ਹਾਊਸ ਜਾਣਗੇ, ਜਿੱਥੇ ਮੋਦੀ ਅਤੇ ਟਰੰਪ ਦੋ-ਪੱਖੀ ਗੱਲਬਾਤ ਕਰਨਗੇ। ਦੋਵੇਂ ਨੇਤਾ ਭਾਰਤ-ਅਮਰੀਕਾ ਦੇ ਰਿਸ਼ਤਿਆਂ 'ਚ ਗਲੋਬਲ ਸਾਂਝੇਦਾਰੀ ਦੇ ਵਿਸਥਾਰ 'ਤੇ ਚਰਚਾ ਵੀ ਕਰਨਗੇ।