ਕਾਂਗਰਸ ਦੇ 134ਵੇਂ ਸਥਾਪਨਾ ਦਿਵਸ ਮੌਕੇ ਪਾਰਟੀ ਵੱਲੋਂ ਕੱਢੇ ਜਾਣਗੇ ਫ਼ਲੈਗ-ਮਾਰਚ

,

ਨਵੀਂ ਦਿੱਲੀ:- ਕਾਂਗਰਸ ਦੇ 134ਵੇਂ ਸਥਾਪਨਾ ਦਿਵਸ ਮੌਕੇ ਪਾਰਟੀ ਵੱਲੋਂ ਅੱਜ ਯਾਨੀ ਕਿ ਸ਼ਨੀਵਾਰ ਨੂੰ ਦੇਸ਼ ਦੇ ਵੱਖੋ-ਵੱਖਰੇ ਹਿੱਸਿਆਂ ਵਿੱਚ ਸੰਵਿਧਾਨ ਬਚਾਓ, ਭਾਰਤ ਬਚਾਓ ਦੇ ਸੁਨੇਹੇ ਨਾਲ ਫ਼ਲੈਗ-ਮਾਰਚ ਕੱਢੇ ਜਾਣਗੇ । ਕਾਂਗਰਸ ਪਾਰਟੀ ਵੱਲੋਂ ਆਪਣੇ ਸਥਾਪਨਾ ਦਿਵਸ ਮੌਕੇ ਵੱਖੋ-ਵੱਖਰੇ ਸਮਾਰੋਹ ਰੱਖੇ ਗਏ ਹਨ । ਸਥਾਪਨਾ ਦਿਵਸ ਮੌਕੇ ਕਾਂਗਰਸ ਦੇ ਮੌਜੂਦਾ ਤੇ ਸਾਬਕਾ ਪ੍ਰਧਾਨ ਕ੍ਰਮਵਾਰ ਸ੍ਰੀਮਤੀ ਸੋਨੀਆ ਗਾਂਧੀ ਦਿੱਲੀ ਵਿੱਚ, ਰਾਹੁਲ ਗਾਂਧੀ ਆਸਾਮ ਵਿੱਚ ਅਤੇ ਪਾਰਟੀ ਦੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਉੱਤਰ ਪ੍ਰਦੇਸ਼ ਦੇ ਪ੍ਰੋਗਰਾਮਾਂ ਵਿੱਚ ਸ਼ਿਰਕਤ ਕਰਨਗੇ । ਸਥਾਪਨਾ ਦਿਵਸ ਮੌਕੇ ਸੋਨੀਆ ਗਾਂਧੀ ਹੈੱਡਕੁਆਰਟਰਜ਼ ਵਿਖੇ ਝੰਡਾ ਲਹਿਰਾਉਣਗੇ ਤੇ ਰਾਹੁਲ ਗਾਂਧੀ ਵੱਲੋਂ ਗੁਹਾਟੀ ਵਿੱਚ ਇੱਕ ਰੈਲੀ ਨੂੰ ਸੰਬੋਧਨ ਕੀਤਾ ਜਾਵੇਗਾ । ਉਥੇ ਹੀ ਦੂਜੇ ਪਾਸੇ ਉੱਤਰ ਪ੍ਰਦੇਸ਼ ਦੇ ਇੰਚਾਰਜ ਤੇ ਕਾਂਗਰਸ ਦੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਲਖਨਊ ਵਿੱਚ ਕਾਂਗਰਸ ਦੇ ਸਥਾਪਨਾ ਦਿਵਸ ਸਮਾਰੋਹ ਵਿੱਚ ਸ਼ਾਮਿਲ ਹੋਣਗੇ ।ਇਸ ਤੋਂ ਇਲਾਵਾ ਕਾਂਗਰਸ ਦੇ ਜੱਥੇਬੰਦਕ ਜਨਰਲ ਸਕੱਤਰ ਕੇ.ਸੀ. ਵੇਣੂੰ ਗੋਪਾਲ ਨੇ ਦੱਸਿਆ ਕਿ ਪਾਰਟੀ ਵੱਲੋਂ ਦੇਸ਼ ਭਰ ਵਿੱਚ ਸੰਵਿਧਾਨ ਬਚਾਓ, ਭਾਰਤ ਬਚਾਓ ਦੇ ਸੁਨੇਹੇ ਨਾਲ ਫ਼ਲੈਗ ਮਾਰਚ ਕੱਢਿਆ ਜਾਵੇਗਾ ।