ਚੰਦਰਯਾਨ-2 ਚੰਦਰਮਾ ਦੇ ਤੀਜੇ ਪੰਧ ’ਚ ਪੁੱਜਾ

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਅੱਜ ਚੰਦਰਯਾਨ-2 ਪੁਲਾੜ ਯਾਨ ਸਵੇਰੇ 9.04 ਵਜੇ ਸਫਲਤਾਪੂਰਵਕ ਚੰਦਰਮਾ ਦੀ ਤੀਜੇ ਪੰਧ ਵਿਚ ਪ੍ਰਵੇਸ਼ ਕਰ ਗਿਆ ਹੈ। ਇਸ ਨੂੰ ਪੂਰੀ ਪ੍ਰਕਿਰਿਆ ’ਚ 1190 ਸੈਕਿੰਡ ਦਾ ਸਮਾਂ ਲੱਗਾ। ਹੁਣ ਚੰਦਰਯਾਨ-2 ਚੰਦਰਮਾ ਵੱਲ ਅਗਲਾ ਕਦਮ 30 ਅਗਸਤ ਨੂੰ ਵਧਾਏਗਾ। ਇਸਰੋ ਵਿਗਿਆਨੀਆਂ ਨੇ 20 ਅਗਸਤ ਯਾਨੀ ਕਿ ਮੰਗਲਵਾਰ ਨੂੰ ਚੰਦਰਯਾਨ-2 ਨੂੰ ਚੰਦਰਮਾ ਦੇ ਪਹਿਲੇ ਪੰਧ ’ਚ ਸਫਲਤਾਪੂਰਵਕ ਪਹੁੰਚਾਇਆ ਸੀ। ਹੁਣ ਚੰਦਰਯਾਨ-2 ਦੇ ਇਤਿਹਾਸ ਬਣਨ ’ਚ ਸਿਰਫ 11 ਕਦਮ ਦੂਰ ਹੈ, ਇਹ ਗੱਲ ਖੁਦ ਇਸਰੋ ਨੇ ਆਪਣੇ ਆਫੀਸ਼ੀਅਲ ਟਵਿੱਟਰ ਅਕਾਊਂਟ ’ਤੇ ਸਾਂਝੀ ਕੀਤੀ। ਇਸਰੋ ਵਿਗਿਆਨੀਆਂ ਨੇ ਚੰਦਰਯਾਨ ਦੀ ਰਫਤਾਰ ਨੂੰ 10.98 ਕਿਲੋਮੀਟਰ ਪ੍ਰਤੀ ਸੈਕਿੰਡ ਤੋਂ ਘਟਾ ਕੇ 1.98 ਕਿਲੋਮੀਟਰ ਪ੍ਰਤੀ ਸੈਕਿੰਡ ਕੀਤਾ ਸੀ। ਚੰਦਰਯਾਨ-2 ਦੀ ਰਫਤਾਰ ’ਚ 90 ਫੀਸਦੀ ਦੀ ਕਮੀ ਇਸ ਲਈ ਕੀਤੀ ਗਈ ਸੀ ਤਾਂ ਕਿ ਉਹ ਚੰਦਰਮਾ ਦੀ ਗਰੈਵੀਟੇਸ਼ਨਲ ਬਲ ਦੇ ਪ੍ਰਭਾਵ ’ਚ ਆ ਕੇ ਚੰਦਰਮਾ ਨਾਲ ਨਾ ਟਕਰਾ ਜਾਵੇ। 20 ਅਗਸਤ ਨੂੰ ਚੰਦਰਮਾ ਦੇ ਪੰਧ ’ਚ ਚੰਦਰਯਾਨ-2 ਦਾ ਪ੍ਰਵੇਸ਼ ਕਰਨਾ ਇਸਰੋ ਵਿਗਿਆਨੀਆਂ ਲਈ ਬੇਹੱਦ ਚੁਣੌਤੀਪੂਰਨ ਸੀ ਪਰ ਸਾਡੇ ਵਿਗਿਆਨੀਆਂ ਨੇ ਇਸ ਨੂੰ ਬੇਹੱਦ ਸਟੀਕਤਾ ਨਾਲ ਪੂਰਾ ਕੀਤਾ। ਦੱਸਣਯੋਗ ਹੈ ਕਿ 22 ਜੁਲਾਈ ਨੂੰ ਸ਼੍ਰੀਹਰੀਕੋਟਾ ਲਾਂਚਿੰਗ ਕੇਂਦਰ ਤੋਂ ਰਾਕੇਟ ਬਾਹੂਬਲੀ ਜ਼ਰੀਏ ਚੰਦਰਯਾਨ-2 ਸਫਲਤਾਪੂਰਵਕ ਲਾਂਚ ਕੀਤਾ ਗਿਆ ਸੀ।