ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਪੇਸ਼ ਕਰਨਗੇ ਬਜਟ,

ਕੁੱਝ ਘੰਟਿਆਂ ਬਾਅਦ ਮੋਦੀ ਸਰਕਾਰ ਦਾ ਦੂਜਾ ਬਜਟ ਪੇਸ਼ ਹੋਣ ਜਾ ਰਿਹਾ ਹੈ। ਦੇਸ਼-ਵਿਦੇਸ਼ ਵਿਚ ਸੁਸਤ ਆਰਥਿਕ ਦ੍ਰਿਸ਼ਾਂ ਦੇ ਵਿਚਕਾਰ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਆਰਥਿਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਵਾਲਾ ‘ਚੰਗਾ ਮਹਿਸੂਸ’ ਬਜਟ ਪੇਸ਼ ਕਰ ਸਕਦੇ ਹਨ। ਇਸ ਬਜਟ ਨੂੰਆਰਥਿਕ ਮੰਦੀ ਦੇ ਚੱਲਦਿਆਂ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ। ਅਜਿਹੀ ਕੁਝ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਸ਼ਾਇਦ ਬਜਟ ਵਿੱਚ ਆਮਦਨ-ਟੈਕਸ ਦੇ ਨਾਲ-ਨਾਲ ਦਿਹਾਤੀ ਇਲਾਕਿਆਂ ਤੇ ਖੇਤੀ ਖੇਤਰ ਲਈ ਕੁਝ ਅਹਿਮ ਐਲਾਨ ਕੀਤੇ ਜਾ ਸਕਦੇ ਹਨ। ਇਹ ਸੰਭਾਵਨਾ ਵੀ ਪ੍ਰਗਟਾਈ ਜਾ ਰਹੀ ਹੈ ਕਿ ਨਿਰਮਲਾ ਸੀਤਾਰਮਣ ਆਪਣੇ ਬਜਟ ‘ਚ ਦੇਸ਼ ਦੇ ਆਰਥਿਕ ਵਿਕਾਸ ਤੇ 2025 ਤੱਕ 5 ਟ੍ਰਿਲੀਅਨ ਡਾਲਰ ਦੀ ਅਰਥ-ਵਿਵਸਥਾ ਬਣਾਉਣ ਲਈ ਵੀ ਕੁਝ ਅਹਿਮ ਐਲਾਨ ਕਰ ਸਕਦੇ ਹਨ। ਇਸ ਬਜਟ ਵਿੱਚ ਲੋਕਾਂ ਦੀ ਜੇਬ ਵਿੱਚ ਖਰਚ ਕਰਨ ਲਈ ਵਧੇਰੇ ਪੈਸਾ ਬਚੇ , ਇਸਦੇ ਲਈ ਆਮਦਨੀ ਟੈਕਸ ਵਿੱਚ ਕਟੌਤੀ, ਪੇਂਡੂ ਅਤੇ ਖੇਤੀਬਾੜੀ ਸੈਕਟਰ ਨੂੰ ਵਧੇਰੇ ਪ੍ਰੋਤਸਾਹਨ ਅਤੇ ਬੁਨਿਆਦੀ ਢਾਂਚਾ ਖੇਤਰ ਦੇ ਪ੍ਰਾਜੈਕਟਾਂ ਲਈ ਅਲਾਟਮੈਂਟ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਬਜਟ ਵਿਚ ਮੱਧ ਵਰਗ ਨੂੰ ਕੁਝ ਹੋਰ ਰਾਹਤ ਦਿੱਤੀ ਜਾਣ ਦੀ ਉਮੀਦ ਜਤਾਈ ਜਾ ਰਹੀ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸ਼ਨੀਵਾਰ ਨੂੰ ਲੋਕ ਸਭਾ ਵਿੱਚ ਆਮ ਬਜਟ 2020-21 ਪੇਸ਼ ਕਰਨਗੇ। ਬਜਟ ਅਜਿਹੇ ਸਮੇਂ ਪੇਸ਼ ਕੀਤਾ ਜਾ ਰਿਹਾ ਹੈ ਜਦੋਂ ਆਰਥਿਕਤਾ ਸੁਸਤ ਹੋਣ ਦੀ ਸਥਿਤੀ ਵਿੱਚ ਹੈ।  ਇਸ ਵਿੱਤੀ ਸਾਲ ਵਿਚ ਆਰਥਿਕ ਵਿਕਾਸ ਦਰ 5 ਪ੍ਰਤੀਸ਼ਤ ਰਹਿਣ ਦਾ ਅਨੁਮਾਨ ਹੈ। ਇਹ ਦਰ 11 ਸਾਲਾਂ ਵਿੱਚ ਸਭ ਤੋਂ ਘੱਟ ਵਾਧਾ ਹੋਏਗੀ।ਬੀਤੇ ਵਰ੍ਹੇ ਸਤੰਬਰ ਮਹੀਨੇ ਵਿੱਤ ਮੰਤਰੀ ਨੇ ਕਾਰਪੋਰੇਟ ਟੈਕਸ ਵਿੱਚ ਛੋਟ ਦਾ ਐਲਾਨ ਕੀਤਾ ਸੀ। ਅਜਿਹੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਇਸ ਤੋਂ ਬਾਅਦ ਹੁਣ ਆਮਦਨ-ਟੈਕਸ ਵਿੱਚ ਛੋਟ ਦਾ ਵੀ ਐਲਾਨ ਕੀਤਾ ਜਾ ਸਕਦਾ ਹੈ।