ਵਿਜੀਲੈਂਸ ਬਿਊਰੋ ਨੇ ਕਿਸਾਨ ਕੋਲੋਂ 10 ਹਜ਼ਾਰ ਦੀ ਰਿਸ਼ਵਤ ਲੈਂਦਾ ਨਹਿਰੀ ਪਟਵਾਰੀ ਰੰਗੇ ਹੱਥੀਂ ਕੀਤਾ ਕਾਬੂ

ਫਾਜ਼ਿਲਕਾ ਦੇ ਹਲਕਾ ਅਰਨੀਵਾਲਾ ਦੇ ਨਹਿਰੀ ਪਟਵਾਰੀ ਨੂੰ ਵਿਜੀਲੈਂਸ ਬਿਊਰੋ ਨੇ 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਉਕਤ ਪਟਵਾਰੀ ਨੇ 20 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ ਸੀ ਤੇ ਸੌਦਾ 18 ਹਜ਼ਾਰ ਰੁਪਏ ‘ਚ ਤੈਅ ਹੋਇਆ ਸੀ।
ਇਸ ਸਬੰਧੀ ਵਿਜੀਲੈਂਸ ਬਿਊਰੋ ਸ੍ਰੀ ਮੁਕਤਸਰ ਸਾਹਿਬ ਦੇ ਡੀਐੱਸਪੀ ਰਾਜ ਕੁਮਾਰ ਸਾਮਾ ਨੇ ਦੱਸਿਆ ਕਿ ਪਿੰਡ ਝੋਟਿਆਂ ਵਾਲੀ ਦੇ ਕਿਸਾਨ ਸੁਖਚੈਨ ਸਿੰਘ ਨੇ ਸ਼ਿਕਾਇਤ ਕੀਤੀ ਸੀ ਕਿ ਨਹਿਰੀ ਪਟਵਾਰੀ ਹਰਜਿੰਦਰ ਸਿੰਘ ਉਸ ਦੀ ਪਾਣੀ ਦੀ ਵਾਰੀ ਠੀਕ ਕਰਨ ਦੇ ਬਦਲੇ ਰਿਸ਼ਵਤ ਦੀ ਮੰਗ ਕਰ ਰਿਹਾ ਹੈ। ਇਸ ਤੋਂ ਬਾਅਦ ਵਿਜੀਲੈਂਸ ਵਿਭਾਗ ਦੀ ਟੀਮ ਨੇ ਸ਼ਿਕਾਇਤ ਦੇ ਅਧਾਰ ‘ਤੇ ਕਾਰਵਾਈ ਕਰਦਿਆਂ ਟਰੈਪ ਲਗਾਉਂਦੇ ਹੋਏ ਮੰਗਲਵਾਰ ਨੂੰ ਉਕਤ ਪਟਵਾਰੀ ਨੂੰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਕਾਬੂ ਕਰ ਲਿਆ ਹੈ।