ਪਾਣੀ ਦਾ ਪੱਧਰ ਉੱਚਾ ਚੁੱਕਣ ਲਈ ਵਧੀਕ ਸਕੱਤਰ ਨੇ ਕੀਤਾ ਜ਼ਿਲੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ
ਮਾਨਸਾ -ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਵਧੀਕ ਸਕੱਤਰ ਸਹਿਕਾਰਤਾ ਵਿਭਾਗ ਭਾਰਤ ਸਰਕਾਰ ਸ਼੍ਰੀਮਤੀ ਅੰਜਲੀ ਭਾਵੜਾ ਵੱਲੋ ਜ਼ਿਲੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ । ਭਾਰਤ ਸਰਕਾਰ ਵੱਲੋਂ ਆਈ ਟੀਮ ਵੱਲੋਂ ਅੱਜ ਪਿੰਡ ਰੱਲਾ, ਖੀਵਾ ਖੁਰਦ, ਗੁਰਨੇ ਕਲਾਂ, ਚੱਕ ਭਾਈਕੇ ਅਤੇ ਦੋਦੜਾ ਵਿਖੇ ਆਪਣੇ ਦੌਰੇ ਦੌਰਾਨ ਮਗਨਰੇਗਾ ਤਹਿਤ ਬਣੇ ਰੀਚਾਰਜ ਬੋਰ, ਸੋਕ ਪਿੱਟ, ਨਰਸਰੀ, ਛੱਪੜਾਂ ਦੀ ਸਫਾਈ ਅਤੇ ਬੂਟੇ ਲਾਉਣ ਦੇ ਕੰਮਾਂ ਦਾ ਜਾਇਜਾ ਲਿਆ ਗਿਆ ਅਤੇ ਜ਼ਿਲੇ 'ਚ ਚੱਲ ਰਹੇ ਇਨ੍ਹਾਂ ਕੰਮਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਡਿਪਟੀ ਸਕੱਤਰ ਸਮਾਜਿਕ ਨਿਆਂ ਮੰਤਰਾਲਾ ਕੇ. ਕੇ. ਝੈਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਮੀਤ ਸਿੰਘ ਸਿੱਧੂ ਅਤੇ ਕੋਆਰਡੀਨੇਟਰ ਮਗਨਰੇਗਾ ਮਨਦੀਪ ਸਿੰਘ ਤੋਂ ਇਲਾਵਾ ਹੋਰ ਵੀ ਸਬੰਧਤ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ। ਅੰਜਲੀ ਭਾਵੜਾ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਖੇਤੀ ਦੀਆਂ ਨਵੀਆਂ ਤਕਨੀਕਾਂ ਅਤੇ ਮਾਹਿਰਾਂ ਦੀ ਸਲਾਹਾਂ ਨਾਲ ਅਸੀਂ ਪਾਣੀ ਦੀ ਬਚਤ ਕਰਦੇ ਹੋਏ ਵਧੀਆ ਝਾੜ ਪ੍ਰਾਪਤ ਕਰ ਸਕਦੇ ਹਾਂ। ਅਤੇ ਕਿਸਾਨਾਂ ਨੂੰ ਖੇਤੀ ਦੇ ਨਵੇਂ ਤਰੀਕਿਆਂ ਨੂੰ ਅਪਣਾ ਕੇ ਪਾਣੀ ਬਚਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ। ਸਰਕਾਰੀ ਹਾਈ ਸਕੂਲ ਗੁਰਨੇ ਕਲਾਂ ਵਿਖੇ ਲਾਏ ਪਾਣੀ ਬਚਾਓ ਕੈਂਪ ਦੌਰਾਨ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਘਰਾਂ 'ਚ ਵੀ ਛੋਟੇ-ਛੋਟੇ ਉਪਰਾਲੇ ਕਰਕੇ ਪਾਣੀ ਦੀ ਵੱਡੇ ਪੱਧਰ 'ਤੇ ਬਚਤ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਕਈ ਵਾਰ ਵੇਖਣ 'ਚ ਆਉਂਦਾ ਹੈ ਕਿ ਜਦੋਂ ਬੱਚੇ ਹੱਥ ਧੋ ਰਹੇ ਹੁੰਦੇ ਹਨ , ਤਾਂ ਪਾਣੀ ਦੀ ਟੂਟੀ ਨੂੰ ਖੁੱਲ੍ਹਾ ਹੀ ਛੱਡ ਦਿੰਦੇ ਹਨ ਜਾਂ ਫਿਰ ਬੰਦ ਕਰਨਾ ਭੁੱਲ ਜਾਂਦੇ ਹਨ ਜੋ ਕਿ ਗਲਤ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਅੱਜ ਪਾਣੀ ਦੀ ਕਦਰ ਨਹੀਂ ਕਰਾਂਗੇ, ਤਾਂ ਕਿਸੇ ਸਮੇਂ ਸਾਡੇ ਕੋਲ ਪੀਣ ਲਈ ਵੀ ਪਾਣੀ ਨਹੀਂ ਬਚੇਗਾ। ਸਾਨੂੰ ਲੋੜ ਅਨੁਸਾਰ ਹੀ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਪਾਣੀ ਨੂੰ ਬਰਬਾਦ ਨਹੀਂ ਕਰਨਾ ਚਾਹੀਦਾ।