ਰਾਮਪੁਰਾ ਫੂਲ 'ਚ ਸਕੂਲ ਦੀ ਕੰਧ ਡਿੱਗਣ ਨਾਲ 1 ਦੀ ਮੌਤ ਅਤੇ 7 ਲੋਕ ਜਖ਼ਮੀ
ਬਠਿੰਡਾ:- ਰਾਮਪੁਰਾ ਫੂਲ 'ਚ ਭਾਰਤੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਕੰਧ ਡਿੱਗਣ ਕਾਰਨ 1 ਔਰਤ ਦੀ ਮੌਤ ਹੋ ਗਈ ਅਤੇ 7 ਲੋਕ ਜ਼ਖਮੀ ਹੋ ਗਏ ਹਨ। ਜਖਮੀ ਹੋਏ ਲੋਕਾਂ ਨੂੰ ਤੁਰੰਤ ਹੀ ਨਜ਼ਦੀਕੀ ਹਸਤਪਾਲ ਲਿਜਾਇਆ ਗਿਆ ਜਿਨ੍ਹਾਂ 'ਚੋਂ ਇਕ 15 ਸਾਲਾਂ ਲੜਕੀ ਦੀ ਹਾਲਤ ਬਹੁਤ ਗੰਭੀਰ ਬਣੀ ਹੋਈ ਹੈ। ਇਹ ਹਾਦਸਾ 30 ਜੁਲਾਈ ਨੂੰ ਵਾਪਰਿਆ ਸੀ। ਹਾਦਸੇ ਤੋਂ ਬਾਅਦ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਪਹੁੰਚੇ। ਉਨ੍ਹਾਂ ਕਿਹਾ ਕਿ ਸਰਕਾਰ ਪੀੜ੍ਹਤਾਂ ਦੀ ਹਰ ਤਰ੍ਹਾਂ ਨਾਲ ਮਦਦ ਕਰੇਗੀ। ਉਧਰ ਪੀੜ੍ਹਤਾਂ ਪਰਿਵਾਰਾਂ ਨੇ ਮੰਤਰੀ ਅੱਗੇ ਆਪਣੀਆਂ ਮੰਗਾਂ ਰੱਖਦਿਆਂ ਕਿਹਾ ਕਿ ਪੀੜ੍ਹਤ ਪਰਿਵਾਰਾਂ ਨੂੰ ਪੰਜ-ਪੰਜ ਲੱਖ ਰੁਪਏ ਤੇ ਸਰਕਾਰੀ ਨੌਕਰੀ ਦਿੱਤੀ ਜਾਵੇ, ਜਿਸ ਮਹਿਲਾ ਦੀ ਕੰਧ ਡਿੱਗਣ ਨਾਲ ਮੌਤ ਹੋਈ ਹੈ, ਉਸ ਦੇ ਪਰਿਵਾਰ ਨੂੰ 20 ਲੱਖ ਮੁਆਵਜਾ ਰਾਸ਼ੀ ਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਇਸ ਤੋਂ ਇਨ੍ਹਾਂ ਵਾਲਮੀਕਿ ਸਮਾਜ ਦੇ ਬੱਚਿਆਂ ਦੀ ਫੀਸ ਮਾਫ ਕੀਤੀ ਜਾਵੇ ਤੇ ਸਾਰੇ ਫੰਡ ਖਤਮ ਕਰਕੇ ਸਕੂਲੀ ਬਣਦੀ ਫੀਸ ਲਈ ਜਾਵੇ। ਇਸ ਤੋਂ ਇਲਾਵਾ ਪੀੜ੍ਹਤ ਪਰਿਵਾਰਾਂ ਨੇ ਸਕੂਲ ਮੈਨੇਜਮੈਂਟ 'ਤੇ ਪਰਚਾ ਦਰਜ ਕਰਨ ਦੀ ਵੀ ਮੰਗ ਕੀਤੀ ਹੈ ਤੇ ਉਨ੍ਹਾਂ ਕਿਹਾ ਕਿ ਹੈ ਕਿ ਜੇਕਰ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਮ੍ਰਿਤਕ ਮਹਿਲਾ ਦਾ ਸਸਕਾਰ ਨਹੀਂ ਕੀਤਾ ਜਾਵੇਗਾ ਤੇ ਨਾ ਸਕੂਲ ਨੂੰ ਖੁੱਲ੍ਹਣ ਦਿੱਤਾ ਜਾਵੇਗਾ।