ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪਾਸ ਪ੍ਰਤੀਸ਼ਤਤਾ 33 ਫ਼ੀਸਦੀ ਤੋਂ 20 ਫ਼ੀਸਦੀ ਕਰਨ ਦਾ ਲਿਆ ਫ਼ੈਸਲਾ

,

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦੀਆਂ ਪ੍ਰੀਖਿਆਵਾਂ ਸਬੰਧੀ ਇੱਕ ਅਹਿਮ ਫੈਸਲਾ ਲਿਆ ਗਿਆ ਹੈ, ਜਿਸ ਵਿੱਚ ਪਾਸ-ਪ੍ਰਤੀਸ਼ਤਤਾ 20 ਫ਼ੀਸਦੀ ਕਰਨ ਦਾ ਫੈਸਲਾ ਲਿਆ ਗਿਆ । ਸਿੱਖਿਆ ਬੋਰਡ ਦੇ ਇਸ ਫੈਸਲੇ ਨੇ ਸਿੱਖਿਆ ਜਗਤ ਵਿਚ ਤਰਥੱਲੀ ਮਚਾ ਦਿੱਤੀ ਹੈ । ਸਿੱਖਿਆ ਬੋਰਡ ਵੱਲੋਂ ਪ੍ਰੈਕਟੀਕਲ ਵਿਸ਼ਿਆਂ ਵਿੱਚ ਪਾਸ ਪ੍ਰਤੀਸ਼ਤਤਾ 33 ਫ਼ੀਸਦੀ ਤੋਂ 20 ਫ਼ੀਸਦੀ ਕਰਨ ਦਾ ਫ਼ੈਸਲਾ ਲਿਆ ਗਿਆ ਹੈ । ਸਿੱਖਿਆ ਬੋਰਡ ਦੇ ਇਸ ਨਵੇਂ ਪਾਸ ਫਾਰਮੂਲੇ ਅਨੁਸਾਰ ਹੁਣ ਥਿਊਰੀ ਅਤੇ ਪ੍ਰੈਕਟੀਕਲ ਦੋਵਾਂ ਵਿੱਚ ਸਿਰਫ਼ 20-20 ਪ੍ਰਤੀਸ਼ਤ ਅੰਕ ਲੈਣ ਵਾਲੇ ਵਿਦਿਆਰਥੀਆਂ ਨੂੰ ਪਾਸ ਮੰਨ ਲਿਆ ਜਾਵੇਗਾ । ਇਸ ਸਬੰਧੀ ਸਿੱਖਿਆ ਸ਼ਾਸਤਰੀਆਂ ਵੱਲੋਂ ਮੁੱਖ ਮੰਤਰੀ ਨੂੰ ਵੀ ਪੱਤਰ ਲਿਖੇ ਗਏ ਹਨ ਜਿਨ੍ਹਾਂ ਵਿੱਚ ਇਮਤਿਹਾਨਾਂ ਦਾ ਹਵਾਲਾ ਦੇ ਕੇ ਇਸ ਫਾਰਮੂਲੇ ਨੂੰ ਘੋਖਣ ਦੀ ਮੰਗ ਕੀਤੀ ਗਈ ਹੈ । ਉਥੇ ਹੀ ਦੂਜੇ ਪਾਸੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧਿਕਾਰੀਆਂ ਵੱਲੋਂ ਇਸ ਫ਼ੈਸਲੇ ਨੂੰ ਕੇਂਦਰੀ ਬੋਰਡ (CBSE) ਦੀ ਤਰਜ਼ ‘ਤੇ ਲਿਆ ਗਿਆ ਫ਼ੈਸਲਾ ਦੱਸ ਰਹੇ ਹਨ । ਇਸ ਸਬੰਧੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਪੰਜਾਬ ਵਿੱਚ ਇਸ ਸਾਲ ਸੌ ਫ਼ੀਸਦੀ ਨਤੀਜਾ ਲਿਆਉਣ ਲਈ ਅਧਿਆਪਕਾਂ ਨੂੰ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ ਗਈ ਹੈ । ਸਿੱਖਿਆ ਸ਼ਾਸਤਰੀਆਂ ਅਨੁਸਾਰ ਜੇਕਰ ਸਿੱਖਿਆ ਵਿਭਾਗ ਵੱਲੋਂ ਪਾਸ ਕੀਤਾ ਗਿਆ ਇਹ ਫਾਰਮੂਲਾ ਲਾਗੂ ਹੁੰਦਾ ਹੈ ਤਾਂ ਇਸ ਨਾਲ ਵਿਦਿਆਰਥੀਆਂ ਦਾ ਦਿਮਾਗ਼ ‘ਬੰਜਰ’ ਹੋ ਜਾਵੇਗਾ ।ਸਿੱਖਿਆ ਵਿਭਾਗ ਦੇ ਇਸ ਫੈਸਲੇ ਤੋਂ ਬਾਅਦ ਪ੍ਰਾਈਵੇਟ ਸਕੂਲਾਂ ਦੇ ਮਾਲਕਾਂ ਵੱਲੋਂ ਮੁੱਖ ਮੰਤਰੀ ਨੂੰ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਪੰਜਾਬ ਵਿੱਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਤੋਂ ਇਲਾਵਾ ਵੱਡੇ ਕੋਰਸਾਂ ਵਿੱਚ ਦਾਖ਼ਲੇ ਵਾਸਤੇ ਅੰਕ ਪ੍ਰਤੀਸ਼ਤਤਾ ਕਾਫ਼ੀ ਜ਼ਿਆਦਾ ਹੈ । ਜਿਸ ਕਾਰਨ ਪਾਸ ਹੋਣ ਲਈ ਲਿਖਤੀ ਅਤੇ ਪ੍ਰੈਕਟੀਕਲ ਪ੍ਰੀਖਿਆ ਲਈ 20 ਫ਼ੀਸਦੀ ਅੰਕ ਜਾਇਜ਼ ਨਹੀਂ ਹਨ ।