ਮਲੋਟ ਦੇ ਵੱਖ-ਵੱਖ ਬੁਲਾਰਿਆਂ ਨੇ ਪੱਤਰਕਾਰਾਂ ਤੇ ਦਿੱਤੇ ਪਰਚਿਆਂ ਦੀ ਕੀਤੀ ਨਿੰਦਿਆ

ਮਲੋਟ ਦੇ ਕਾਂਗਰਸੀ ਆਗੂ ਪ੍ਰੋ. ਬਲਜੀਤ ਸਿੰਘ ਗਿੱਲ, ਨੌਜਵਾਨ ਆਗੂ ਸੰਦੀਪ ਖਟਕ ਅਤੇ ਹੋਰਨਾਂ ਨੇ ਪੱਤਰਕਾਰਾਂ ਤੇ ਪਰਚੇ ਦੀ ਨਿੰਦਿਆ ਕਰਦਿਆਂ ਕਿਹਾ ਕਿ ਪੱਤਰਕਾਰਾਂ ਦਾ ਕੰਮ ਸਰਕਾਰ ਦੀਆਂ ਕਮੀਆਂ ਨੂੰ ਉਜਾਗਰ ਕਰਨਾ ਹੁੰਦਾ ਹੈ, ਜੋ ਕਿ ਉਹ ਕਰ ਰਹੇ ਹਨ ਪਰ ਪੰਜਾਬ ਸਰਕਾਰ ਉਹਨਾਂ ਤੇ ਧੜਾ-ਧੜ ਪਰਚੇ ਦਰਜ ਕਰ ਰਹੀ ਹੈ, ਜੋ ਕਿ ਬਿਲਕੁੱਲ ਗਲਤ ਹੈ।

ਮਲੋਟ (ਪੰਜਾਬ) : ਸਮਾਜਿਕ ਅਤੇ ਰਾਜਨੀਤਿਕ ਮੁੱਦਿਆਂ ਤੇ ਆਪਣੀ ਬੇਬਾਕ ਰਾਏ ਦੇਣ ਵਾਲੇ ਪ੍ਰੋਫ਼ੈਸਰ ਬਲਜੀਤ ਸਿੰਘ ਗਿੱਲ ਨੇ ਮਾਨ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਪੱਤਰਕਾਰਾਂ ਦਾ ਕੰਮ ਸਰਕਾਰ ਦੀਆਂ ਕਮੀਆਂ ਨੂੰ ਉਜਾਗਰ ਕਰਨਾ ਹੁੰਦਾ ਹੈ, ਜੋ ਕਿ ਉਹ ਕਰ ਰਹੇ ਹਨ ਪਰ ਤੁਸੀਂ ਉਹਨਾਂ ਤੇ ਧੜਾ-ਧੜ ਪਰਚੇ ਦਰਜ ਕਰ ਰਹੇ ਹੋ। ਇਹ ਲੋਕਤੰਤਰ ਦੇਸ਼ ਹੈ। ਇਸ ਵਿੱਚ ਪੱਤਰਕਾਰ ਦੀ ਕਲਮ ਨੂੰ ਚੌਥਾ ਥੰਮ ਕਿਹਾ ਗਿਆ ਹੈ ਪਰ ਤੁਸੀਂ ਪੱਤਰਕਾਰਾਂ ਨੂੰ ਡਰਾ ਧਮਕਾ ਕੇ ਆਪਣੇ ਪੱਖ ਵਿੱਚ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਜੋ ਕਿ ਪੰਜਾਬ ਵਿੱਚ ਸੰਭਵ ਨਹੀਂ ਕਿਉਂਕਿ ਮੁਗਲਾਂ ਤੇ ਅੰਗਰੇਜ਼ਾਂ ਤੋਂ ਇਹ ਕੌਮ ਕਦੇ ਦਬੀ ਨਹੀਂ, ਫਿਰ ਤੁਹਾਡੇ ਕੋਲੋਂ ਕਿਵੇਂ ਦੱਬ ਜਾਵੇਗੀ।

ਰਾਜੇ ਮਹਾਰਾਜਿਆਂ ਦੇ ਰਾਜ ਵਿੱਚ ਭੰਡ ਲੋਕ ਰਾਜੇ ਮਹਾਰਾਜਿਆਂ ਦੀਆਂ ਕਮੀਆਂ ਉਜਾਗਰ ਕਰਦੇ ਹਨ। ਪਰ ਲੋਕਤੰਤਰ ਦੇਸ਼ ਵਿੱਚ ਬੁੱਧੀਜੀਵੀ ਤੇ ਪੱਤਰਕਾਰ ਸਰਕਾਰ ਦੀਆਂ ਕਮੀਆਂ ਨੂੰ ਉਜਾਗਰ ਕਰਦੇ ਹਨ। ਇੱਕ ਦਿਨ ਪੱਤਰਕਾਰਾਂ ਦੀ ਇਹ ਕਲਮ ਤੁਹਾਡੀ ਸਰਕਾਰ ਦਾ ਸਿਰ ਕਲਮ ਕਰ ਦੇਵੇਗੀ। ਉੱਥੇ ਹੀ ਨੌਜਵਾਨ ਆਗੂ ਸੰਦੀਪ ਖਟਕ ਨੇ ਵੀ ਇਸ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਹੈਲੀਕਾਪਟਰ ਨਾਲ ਜੁੜੀ ਖਬਰ ਸਾਂਝੀ ਕਰਨ ਨੂੰ ਲੈ ਕੇ ਜੋ ਇਹ ਪਰਚਾ ਕੀਤਾ ਗਿਆ ਹੈ ਇਹ ਬਿਲਕੁੱਲ ਬੇ-ਬੁਨਿਆਦ ਹੈ। ਉਹਨਾਂ ਕਿਹਾ ਕਿ ਉਹ ਪੱਤਰਕਾਰਾਂ ਦਾ ਸਾਥ ਦੇਣਗੇ।

Author : Malout Live