ਸਰਕਾਰ ਨੇ ਦਿੱਤਾ ਵੱਡਾ ਤੋਹਫ਼ਾ, ਜਲਦ ਟਰੇਨਾਂ ਦੀ ਟਿਕਟ 'ਤੇ ਮਿਲੇਗਾ ਡਿਸਕਾਊਂਟ

ਨਵੀਂ ਦਿੱਲ:-  ਜਲਦ ਹੀ ਮੇਲ, ਐਕਸਪ੍ਰੈੱਸ, ਸੁਪਰਫਾਸਟ ਤੇ ਪ੍ਰੀਮੀਅਮ ਟਰੇਨਾਂ 'ਚ ਵੀ ਖਾਲੀ ਸੀਟਾਂ ਰਹਿਣ 'ਤੇ ਛੋਟ ਮਿਲਣ ਜਾ ਰਹੀ ਹੈ। ਰੇਲਵੇ ਨੇ ਨਵੇਂ ਸਾਲ ਤੋਂ ਯਾਤਰੀ ਕਿਰਾਏ 'ਚ ਵਾਧਾ ਕੀਤਾ ਸੀ ਅਤੇ ਹੁਣ ਉਹ ਹਰ ਕਲਾਸ ਦੇ ਮੁਸਾਫਰਾਂ ਨੂੰ ਖਾਲੀ ਸੀਟਾਂ ਦੇ ਅਧਾਰ 'ਤੇ ਛੋਟ ਦੇਣ ਦੀ ਯੋਜਨਾ ਬਣਾ ਰਿਹਾ ਹੈ। ਇਨ੍ਹਾਂ 'ਚ ਮੇਲ, ਐਕਸਪ੍ਰੈੱਸ, ਸੁਪਰਫਾਸਟ ਤੇ ਪ੍ਰੀਮੀਅਮ ਟਰੇਨਾਂ ਸ਼ਾਮਲ ਹਨ। ਡਿਸਕਾਊਂਟ ਉਨ੍ਹਾਂ ਟਰੇਨਾਂ 'ਚ ਉਪਲੱਬਧ ਹੋਵੇਗਾ ਜਿੱਥੇ ਰਵਾਨਾ ਹੋਣ ਤੋਂ ਕੁਝ ਦਿਨ ਪਹਿਲਾਂ ਵੱਡੀ ਗਿਣਤੀ 'ਚ ਸੀਟਾਂ ਖਾਲੀ ਹੋਣਗੀਆਂ। ਖਾਸ ਕਰਕੇ ਉਨ੍ਹਾਂ ਮਾਰਗਾਂ 'ਤੇ ਛੋਟ ਦਿੱਤੀ ਜਾਵੇਗੀ ਜਿੱਥੇ ਸੜਕਾਂ ਕਾਰਨ ਰੇਲਵੇ ਨੂੰ ਸਖਤ ਮੁਕਾਬਲੇਬਾਜ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਨਾਲ ਹੀ ਕੁਝ ਉਹ ਮਾਰਗ ਵੀ ਹਨ ਜਿੱਥੇ ਕਾਫੀ ਸਟੇਸ਼ਨਾਂ 'ਤੇ ਰੁਕਣ ਕਾਰਨ ਟਰੇਨ ਨੂੰ ਮੰਜਲ ਤਕ ਪਹੁੰਚਣ 'ਚ ਬਹੁਤ ਸਮਾਂ ਲੱਗਦਾ ਹੈ। ਰੇਲਵੇ ਵਿੱਤੀ ਸਾਲ 2019-20 'ਚ ਕਮਾਈ ਦਾ ਟੀਚਾ ਪੂਰਾ ਕਰਨ ਲਈ ਸੰਘਰਸ਼ ਕਰ ਰਿਹਾ ਹੈ। ਇਸ ਲਈ ਡਿਸਕਾਊਂਟ ਉਨ੍ਹਾਂ ਸਾਰੀਆਂ ਟਰੇਨਾਂ 'ਤੇ ਲਾਗੂ ਹੋਣ ਜਾ ਰਿਹਾ ਹੈ ਜਿਨ੍ਹਾਂ 'ਚ ਸੀਟਾਂ ਖਾਲੀ ਜਾ ਰਹੀਆਂ ਹਨ। ਰੇਲਵੇ ਬੋਰਡ ਕਿਰਾਏ ਨੂੰ ਤਰਕਸੰਗਤ ਬਣਾਉਣ ਲਈ ਕਈ ਕਦਮ ਉਠਾ ਰਿਹਾ ਹੈ ਤੇ ਕਿਰਾਇਆਂ 'ਚ ਹਾਲ ਹੀ 'ਚ ਕੀਤਾ ਗਿਆ ਵਾਧਾ ਇਸੇ ਯੋਜਨਾ ਦਾ ਹਿੱਸਾ ਹੈ। ਰੇਲਵੇ ਨੇ 1 ਜਨਵਰੀ ਤੋਂ ਵੱਖ-ਵੱਖ ਸ਼੍ਰੇਣੀਆਂ 'ਚ ਯਾਤਰੀ ਕਿਰਾਏ 'ਚ 1 ਪੈਸੇ ਤੋਂ ਲੈ ਕੇ 4 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕੀਤਾ ਸੀ। ਮੌਜੂਦਾ ਸਮੇਂ ਛੋਟ ਰਾਜਧਾਨੀ, ਸ਼ਤਾਬਦੀ, ਦੁਰੰਤੋ ਤੇ ਹਮਸਫਰ ਟਰੇਨਾਂ 'ਚ ਦਿੱਤੀ ਜਾ ਰਹੀ ਹੈ, ਜਿੱਥੇ ਸੀਟਾਂ ਭਰਨ ਦੀ ਗਿਣਤੀ 60 ਫੀਸਦੀ ਤੋਂ ਘੱਟ ਹੈ।