PM ਮੋਦੀ ,ਰਾਮਨਾਥ ਕੋਵਿੰਦ ਅਤੇ ਅਮਿਤ ਸ਼ਾਹ ਨੇ ਅਟਲ ਬਿਹਾਰੀ ਵਾਜਪਾਈ ਨੂੰ ਦਿੱਤੀ ਸ਼ਰਧਾਂਜਲੀ
ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸਵ. ਅਟਲ ਬਿਹਾਰੀ ਵਾਜਪਾਈ ਦੀ 95ਵੀਂ ਜਯੰਤੀ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਰਧਾਂਜਲੀ ਦਿੱਤੀ। ਪੀ.ਐੱਮ. ਮੋਦੀ ਅਤੇ ਅਮਿਤ ਸ਼ਾਹ ਨੇ ਦਿੱਲੀ ਦੇ ਸਦੈਵ ਅਟਲ ਸਮਾਰਕ ਪਹੁੰਚ ਕੇ ਸਾਬਕਾ ਪੀ.ਐੱਮ. ਨੂੰ ਨਮਨ ਕੀਤਾ। ਉਨ੍ਹਾਂ ਤੋਂ ਇਲਾਵਾ ਰਾਸ਼ਟਰਪਤੀ ਰਾਮਨਾਥ ਕੋਵਿੰਦ, ਲੋਕ ਸਭਾ ਦੇ ਸਪੀਕਰ ਓਮ ਬਿਰਲਾ, ਸਾਬਕਾ ਉੱਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਅਤੇ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ.ਪੀ. ਨੱਢਾ ਨੇ ਵੀ ਫੁੱਲ ਭੇਟ ਕੀਤੇ।ਰੱਖਿਆ ਮੰਤਰੀ ਰਾਜਨਾਥ ਸਿੰਘ, ਕੇਂਦਰੀ ਮੰਤਰੀ ਗਿਰੀਰਾਜ ਸਿੰਘ ਸਮੇਤ ਕਈ ਹੋਰ ਨੇਤਾ ਵੀ ਇਸ ਮੌਕੇ ਅਟਲ ਸਮਾਰਕ ਪੁੱਜੇ ਅਤੇ ਸਾਬਕਾ ਪ੍ਰਧਾਨ ਮੰਤਰੀ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਇਲਾਵਾ ਕੇਂਦਰੀ ਮੰਤਰੀ ਅਸ਼ਵਨੀ ਚੌਬੇ ਅਤੇ ਮਹੇਂਦਰ ਨਾਥ ਪਾਂਡੇ ਸਮੇਤ ਕਈ ਹੋਰ ਦਿੱਗਜ ਨੇਤਾਵਾਂ ਨੇ ਵੀ ਸ਼ਰਧਾਂਜਲੀ ਦਿੱਤੀ। ਪੀ.ਐੱਮ. ਨਰਿੰਦਰ ਮੋਦੀ ਅਟਲ ਬਿਹਾਰੀ ਵਾਜਪਾਈ ਦੀ ਜਯੰਤੀ 'ਤੇ ਲਖਨਊ 'ਚ ਉਨ੍ਹਾਂ ਦੇ ਨਾਂ ਤੋਂ ਬਣੇ ਰਹੇ ਮੈਡੀਕਲ ਕਾਲਜ ਦਾ ਵੀ ਉਦਘਾਟਨ ਕਰਨ ਵਾਲੇ ਹਨ।ਇਸ ਤੋਂ ਪਹਿਲਾਂ ਮੰਗਲਵਾਰ ਨੂੰ ਹੋਈ ਕੇਂਦਰੀ ਕੈਬਨਿਟ ਦੀ ਬੈਠਕ 'ਚ ਰੋਹਤਾਂਗ ਦੇ ਦਰਰੇ 'ਚ ਬਣੀ ਸੁਰੰਗ ਦਾ ਨਾਂ ਅਟਲ ਬਿਹਾਰੀ ਵਾਜਪਾਈ ਦੇ ਨਾਂ 'ਤੇ ਕੀਤੇ ਜਾਣ ਨੂੰ ਮਨਜ਼ੂਰੀ ਦਿੱਤੀ ਸੀ। ਦੱਸਣਯੋਗ ਹੈ ਕਿ ਅਟਲ ਬਿਹਾਰੀ ਵਾਜਪਾਈ ਅਜਿਹੇ ਪਹਿਲੇ ਗੈਰ-ਕਾਂਗਰਸੀ ਨੇਤਾ ਸਨ, ਜਿਨ੍ਹਾਂ ਪੀ.ਐੱਮ. ਦੇ ਤੌਰ 'ਤੇ 5 ਸਾਲ ਦਾ ਕਾਰਜਕਾਲ ਪੂਰਾ ਕੀਤਾ ਸੀ। ਜਨਸੰਘ ਦੇ ਦੌਰ ਤੋਂ ਲੈ ਕੇ ਭਾਜਪਾ ਤੱਕ ਅਟਲ ਬਿਹਾਰੀ ਵਾਜਪਾਈ ਨੂੰ ਦੇਸ਼ 'ਚ ਦੱਖਣਪੰਥੀ ਰਾਜਨੀਤੀ ਦੀ ਧੁਰੀ ਮੰਨਿਆ ਜਾਂਦਾ ਸੀ। ਪੀ.ਐੱਮ. ਮੋਦੀ ਨੇ 2014 'ਚ ਪਹਿਲੀ ਵਾਰ ਸੱਤਾ 'ਚ ਆਉਣ ਤੋਂ ਬਾਅਦ 2015 'ਚ ਅਟਲ ਬਿਹਾਰੀ ਵਾਜਪਾਈ ਅਤੇ ਮਹਾਮਨਾ ਮਦਨ ਮਾਲਵੀਏ ਨੂੰ ਭਾਰਤ ਰਤਨ ਤੋਂ ਪ੍ਰਦਾਨ ਕੀਤਾ ਸੀ।