ਰਾਜ ਸਭਾ ਦੇ ਸੈਸ਼ਨ ਦੀ ਮਿਆਦ 7 ਅਗਸਤ ਤੱਕ ਵਧਾਈ ਗਈ
ਨਵੀਂ ਦਿੱਲੀ— ਰਾਜ ਸਭਾ ਦੇ ਸਪੀਕਰ ਐੱਮ. ਵੈਂਕਈਆ ਨਾਇਡੂ ਨੇ ਅੱਜ ਸਦਨ ਨੂੰ ਸੂਚਿਤ ਕੀਤਾ ਕਿ ਸੰਸਦ ਦੇ ਬਜਟ ਸੈਸ਼ਨ ਦੀ ਮਿਆਦ 7 ਅਗਸਤ ਤੱਕ ਵਧਾ ਦਿੱਤੀ ਗਈ ਹੈ ਤਾਂ ਕਿ ਜ਼ਰੂਰੀ ਸਰਕਾਰੀ ਵਿਧਾਨਕ ਕੰਮਕਾਰ ਸੰਪੰਨ ਹੋ ਸਕਣ। ਪਹਿਲਾਂ ਸੈਸ਼ਨ ਦੀ ਮਿਆਦ 26 ਜੁਲਾਈ ਯਾਨੀ ਅੱਜ ਤੱਕ ਹੀ ਸੀ। ਉੱਚ ਸਦਨ ਦੀ ਬੈਠਕ ਸ਼ੁਰੂ ਹੋਣ 'ਤੇ ਸਪੀਕਰ ਨੇ ਕਿਹਾ ਕਿ ਸਦਨ ਦੀ ਬੈਠਕ 7 ਅਗਸਤ ਤੱਕ ਵਧਾ ਦਿੱਤੀ ਗਈ ਹੈ। ਨਾਇਡੂ ਨੇ ਕਿਹਾ ਕਿ ਸੈਸ਼ਨ ਦੀ ਇਸ ਵਧੀ ਹੋਈ ਮਿਆਦ ਦੌਰਾਨ ਪ੍ਰਸ਼ਨਕਾਲ ਨਹੀਂ ਹੋਵੇਗਾ। ਸੈਸ਼ਨ ਦੀ ਵਧੀ ਹੋਈ ਮਿਆਦ ਲਈ ਸਰਕਾਰ ਦੇ ਏਜੰਡੇ ਦੀ ਜਾਣਕਾਰੀ ਦਿੰਦੇ ਹੋਏ ਸੰਸਦੀ ਕਾਰਜ ਰਾਜ ਮੰਤਰੀ ਵੀ. ਮੁਰਲੀਧਰਨ ਨੇ ਕਿਹਾ ਕਿ ਤਿੰਨ ਤਲਾਕ ਨੂੰ ਰੋਕਣ ਲਈ 'ਮੁਸਲਿਮ ਮਹਾਲ (ਵਿਕਾਸ ਅਧਿਕਾਰ ਸੁਰੱਖਿਆ) ਬਿੱਲ 2019, ਕੰਪਨੀ (ਸੋਧ) ਬਿੱਲ 2019, ਮੋਟਰ ਵਾਹਨ (ਸੋਧ) ਬਿੱਲ 2019 ਅਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਸੋਧ ਬਿੱਲ 2019 ਸਮੇਤ ਹੋਰ ਬਿੱਲਾਂ ਨੂੰ ਸਦਨ 'ਚ ਪੇਸ਼ ਕੀਤਾ ਜਾਵੇਗਾ। 'ਮੁਸਲਿਮ ਮਹਿਲਾ (ਵਿਆਹ ਅਧਿਕਾਰ ਸੁਰੱਖਿਆ) ਬਿੱਲ 2019, ਨੂੰ ਵੀਰਵਾਰ ਨੂੰ ਲੋਕ ਸਭਾ 'ਚ ਮਨਜ਼ੂਰੀ ਮਿਲ ਚੁਕੀ ਹੈ। ਤ੍ਰਿਣਮੂਲ ਕਾਂਗਰਸ ਦੇ ਨੇਤਾ ਡੈਰੇਕ ਓ ਬ੍ਰਾਇਨ ਨੇ ਸੁਝਾਅ ਦਿੱਤਾ ਕਿ ਸੈਸ਼ਨ ਦੀ ਵਧਾਈ ਗਈ ਮਿਆਦ 'ਚ ਪ੍ਰਸ਼ਨਕਾਲ ਨਹੀਂ ਹੋਵੇਗਾ, ਇਸ ਲਈ ਸਿਫ਼ਰ ਕਾਲ ਦਾ ਸਮਾਂ ਵਧਾਇਆ ਜਾਣਾ ਚਾਹੀਦਾ। ਸਿਫ਼ਰ ਕਾਲ ਦਾ ਸਮਾਂ 11.12 ਵਜੇ ਦੀ ਬਜਾਏ ਹਰ ਦਿਨ 11 ਵਜੇ ਤੋਂ ਇਕ ਵਜੇ ਤੱਕ ਕਰ ਦਿੱਤਾ ਜਾਣਾ ਚਾਹੀਦਾ ਤਾਂ ਕਿ ਮੈਂਬਰ ਵਧ ਤੋਂ ਵਧ ਮੁੱਦੇ ਚੁੱਕ ਸਕਣ। ਉਨ੍ਹਾਂ ਨੇ ਇਹ ਵੀ ਕਿਹਾ ਕਿ ਵਿਰੋਧੀ ਮੈਂਬਰਾਂ ਨੇ ਮੀਡੀਆ ਨੂੰ ਮਜ਼ਬੂਤ ਕਰਨ ਦੇ ਮੁੱਦੇ 'ਤੇ ਛੋਟੀ ਮਿਆਦ ਦੀ ਚਰਚਾ ਲਈ ਨੋਟਿਸ ਦਿੱਤਾ ਹੈ। ਇਸ 'ਤੇ ਸਪੀਕਰ ਨੇ ਕਿਹਾ ਕਿ ਉਹ ਇਸ 'ਤੇ ਵਿਚਾਰ ਕਰਨਗੇ। ਜ਼ਿਕਰਯੋਗ ਹੈ ਕਿ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਵੀਰਵਾਰ ਨੂੰ ਹੀ ਹੇਠਲੇ ਸਦਨ 'ਚ ਸੈਸ਼ਨ ਨੂੰ 7 ਅਗਸਤ ਤੱਕ ਵਧਾਉਣ ਦਾ ਐਲਾਨ ਕੀਤਾ ਸੀ।