ਦਿੱਲੀ: ਦਿੱਲੀ ‘ਚ ਨਾਗਰਿਕਤਾ ਸੋਧ ਕਾਨੂੰਨ ਅਤੇ ਨੈਸ਼ਨਲ ਰਜਿਸਟਰ ਸਿਟੀਜ਼ਨ ਨੂੰ ਲੈ ਕੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਜਿਸ ਦੌਰਾਨ ਅੱਜ ਦਿੱਲੀ ਦੇ ਲਾਲ ਕਿਲ੍ਹੇ ‘ਤੇ ਪ੍ਰਦਰਸ਼ਨ ਕਰ ਰਹੇ ਸਾਬਕਾ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।ਮਿਲੀ ਜਾਣਕਾਰੀ ਮੁਤਾਬਕ ਉਹਨਾਂ ਨੂੰ ਬਵਾਨਾ ਜੇਲ੍ਹ ‘ਚ ਲਿਜਾਇਆ ਜਾ ਰਿਹਾ ਹੈ। ਦੱਸ ਦੇਈਏ ਕਿ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਦੇਸ਼ ਭਰ ‘ਚ ਰੋਸ ਹੈ। ਡਾਕਟਰ ਗਾਂਧੀ ਨੇ ਦਿੱਲੀ ਤੋਂ ਫੋਨ ਤੇ ਗੱਲ ਕਰਦਿਆਂ ਕਿਹਾ ਕਿ ਇਹ ਕਾਨੂੰਨ ਭਾਰਤ ਦੇ ਸੰਵਿਧਾਨ ਦੇ ਖਿਲਾਫ ਹੈ ਅਤੇ ਆਪਸੀ ਭਾਈਚਾਰੇ ਧਾਰਮਿਕ ਵਿਤਕਰੇ ਅਤੇ ਫਿਰਕੂ ਆਧਾਰ ਤੇ ਸਮਾਜ ਨੂੰ ਫੁੱਟ, ਨਫਰਤ ਅਤੇ ਹਿੰਸਾ ਵੱਲ ਧੱਕ ਵੱਲ ਧੱਕਦਾ ਹੋਇਆ ਦੇਸ਼ ਵਿਚ ਫਾਸੀਵਾਦੀ ਮਾਹੌਲ ਪੈਦਾ ਕਰ ਰਿਹਾ ਹੈ। ਮੋਦੀ ਸਰਕਾਰ ਦੀਆਂ ਫਿਰਕੂ ਨੀਤੀਆਂ ਦਾ ਲਗਾਤਾਰ ਵਿਰੋਧ ਕਰਦੇ ਆ ਰਹੇ ਡਾਕਟਰ ਗਾਂਧੀ ਨੇ ਕਿਹਾ ਸਰਕਾਰ ਰਾਮ ਮੰਦਰ, ਨਾਗਰਿਕਾਂ ਦਾ ਰਾਸ਼ਟਰੀ ਰਜਿਸਟਰ ਅਤੇ ਨਾਗਰਿਕਤਾ ਕਾਨੂੰਨ ਵਰਗੇ ਫਿਰਕੂ ਮੁੱਦਿਆਂ ਰਾਹੀਂ ਦੇਸ਼ 'ਚ ਡਰ ਅਤੇ ਨਫਰਤ ਦਾ ਮਹੌਲ ਪੈਦਾ ਕਰ ਰਹੀ ਹੈ। ਉਨ੍ਹਾਂ ਨੇ ਸਮੁੱਚੀਆਂ ਇਨਕਲਾਬੀ ਜਮਹੂਰੀ ਤੇ ਲੋਕ ਪੱਖੀ ਸ਼ਕਤੀਆ ਅਤੇ ਦੇਸ਼ ਦੇ ਹਰ ਇਕ ਨਾਗਰਿਕ ਨੂੰ ਇਸ ਫਾਸੀਵਾਦੀ ਕਾਨੂੰਨ ਦਾ ਵਿਰੋਧ ਕਰਨ ਦੀ ਅਪੀਲ ਕੀਤੀ ਅਤੇ ਇਸ ਦੇ ਵਿਰੋਧ ਵਿੱਚ ਵਿਸ਼ਾਲ ਲਾਮਬੰਦੀ ਤੇ ਜਨਤਕ ਲਹਿਰ ਖੜ੍ਹੀ ਕਰਨ ਦਾ ਸੱਦਾ ਦਿੱਤਾ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਦੇਸ਼ ਦੀ ਸਰਕਾਰ ਆਰਥਿਕ ਮੰਦਹਾਲੀ, ਬੇਰੋਜ਼ਗਾਰੀ, ਵੱਧ ਰਿਹਾ ਸਰਕਾਰੀ ਕਰਜ਼ਾ, ਬੈਂਕਾਂ ਦਾ ਕੰਗਾਲ ਹੋਣਾ ਜਿਹੇ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਅਜਿਹੇ ਕਾਰੇ ਕਰ ਰਹੀ ਹੈ ਜਿਹੜਾ ਕਿ ਬਹੁਤ ਸ਼ਰਮਨਾਕ ਹੈ।