15 ਦਸੰਬਰ 2019 ਤੋਂ FASTag ਤੋਂ ਬਿਨ੍ਹਾਂ ਹਾਈਵੇ ਤੋਂ ਨਿਕਲਣਾ ਪਵੇਗਾ ਮਹਿੰਗਾ
ਨਵੀਂ ਦਿੱਲੀ: 15 ਦਸੰਬਰ 2019 ਨੂੰ ਰਾਸ਼ਟਰੀ ਇਲੈਕਟ੍ਰਾਨਿਕ ਟੋਲ ਕੁਲੈਕਸ਼ਨ ਪ੍ਰੋਗਰਾਮ ਤਹਿਤ ਸਾਰੇ ਵਾਹਨਾਂ ਲਈ ਫਾਸਟੈਗ ਲਾਜ਼ਮੀ ਹੋਣ ਜਾ ਰਿਹਾ ਹੈ । ਜਿਸਦੇ ਤਹਿਤ ਫਾਸਟੈਗ ਤੋਂ ਬਿਨ੍ਹਾਂ ਗਲਤ ਲੇਨ ਵਿਚੋਂ ਲੰਘਣ ਵਾਲੀ ਗੱਡੀ ਨੂੰ ਦੁੱਗਣਾ ਟੋਲ ਟੈਕਸ ਭਰਨਾ ਪਵੇਗਾ । ਇਸ ਸਬੰਧੀ ਰੋਡ ਟਰਾਂਸਪੋਰਟ ਤੇ ਹਾਈਵੇਜ਼ ਮੰਤਰਾਲਾ ਵੱਲੋਂ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਫਾਸਟੈਗ ਤੋਂ ਬਿਨ੍ਹਾਂ ਟੋਲ ਪਲਾਜ਼ੇ ਵਿਚੋਂ ਲੰਘਣ ਵਾਲੀ ਗੱਡੀ ਨੂੰ ਦੁੱਗਣਾ ਚਾਰਜ ਦੇਣਾ ਪਵੇਗਾ ।ਦਰਅਸਲ, ਇਹ ਇਕ ਰੀਡੀਓ ਫ੍ਰੀਕਵੈਂਸੀ ਟੈਗ ਹੈ, ਜਿਸ ਨੂੰ ਵਾਹਨ ਦੀ ਵਿੰਡੋ ‘ਤੇ ਲਗਾਇਆ ਜਾਂਦਾ ਹੈ, ਤਾਂ ਜੋ ਗੱਡੀ ਜਦੋਂ ਟੋਲ ਤੋਂ ਲੰਘੇ ਤਾਂ ਪਲਾਜ਼ਾ ‘ਤੇ ਮੌਜੂਦ ਸੈਂਸਰ ਫਾਸਟੈਗ ਨੂੰ ਸਕੈਨ ਕਰ ਸਕਣ । ਜਿਸ ਤੋਂ ਬਾਅਦ ਉੱਥੇ ਲੱਗੇ ਉਪਕਰਣ ਆਟੋਮੈਟਿਕ ਤਰੀਕੇ ਨਾਲ ਟੋਲ ਟੈਕਸ ਦੀ ਵਸੂਲੀ ਕਰ ਲੈਂਦੇ ਹਨ । ਇਸ ਮਾਮਲੇ ਵਿੱਚ ਬਿਨ੍ਹਾਂ ਫਾਸਟੈਗ ਵਾਲੇ ਵਾਹਨਾਂ ਲਈ ਫਿਲਹਾਲ ਟੋਲ ਪਲਾਜ਼ਿਆਂ ‘ਤੇ ਇਕ ਹਾਈਬ੍ਰਿਡ ਲੇਨ ਰੱਖੀ ਗਈ ਹੈ, ਪਰ ਜਲਦ ਹੀ ਇਨ੍ਹਾਂ ਨੂੰ ਵੀ ਫਾਸਟੈਗ ਲਾਈਨ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ । ਇਲੈਕਟ੍ਰਾਨਿਕ ਮਾਧਿਅਮ ਨਾਲ ਟੋਲ ਦੀ ਅਦਾਇਗੀ ਲਈ ਜ਼ਰੂਰੀ ਫਾਸਟੈਗ ਜਲਦ ਹੀ ਪੈਟਰੋਲ ਪੰਪਾਂ ‘ਤੇ ਵੀ ਮਿਲੇਗਾ । ਜਿਸਦੇ ਨਾਲ ਪੈਟਰੋਲ ਤੇ ਪਾਰਕਿੰਗ ਫੀਸ ਦਾ ਵੀ ਭੁਗਤਾਨ ਕੀਤਾ ਜਾ ਸਕੇਗਾ । ਇਸ ਤੋਂ ਇਲਾਵਾ ਸ਼ਹਿਰੀ ਟੋਲ ਪਲਾਜ਼ਾ ‘ਤੇ ਵੀ ਫਾਸਟੈਗ ਦੇ ਮਾਧਿਅਮ ਨਾਲ ਟੋਲ ਟੈਕਸ ਸਵੀਕਾਰ ਕੀਤਾ ਜਾਵੇਗਾ । ਫਾਸਟੈਗ ਨੂੰ ਭਾਰਤੀ ਸਟੇਟ ਬੈਂਕ, HDFC, ICICI ਸਮੇਤ ਹੋਰ ਕਈ ਬੈਂਕ ਅਤੇ ਪੇਟੀਐੱਮ ਤੇ ਐਮਾਜ਼ੋਨ ਤੋਂ ਵੀ ਖਰੀਦਿਆ ਜਾ ਸਕਦਾ ਹੈ । ਇਸ ਤੋਂ ਇਲਾਵਾ ਇਸਨੂੰ ਇੰਡੀਅਨ ਆਇਲ, ਭਾਰਤ ਪੈਟਰੋਲੀਅਮ, ਹਿੰਦੋਸਤਾਨ ਪੈਟਰੋਲੀਅਮ ਦੇ ਪੈਟਰੋਲ ਪੰਪ ਤੋਂ ਵੀ ਖਰੀਦਿਆ ਜਾ ਸਕਦਾ ਹੈ ।