ਦਿੱਲੀ ਹਿੰਸਾ ‘ਚ ਹੁਣ ਤੱਕ 34 ਲੋਕਾਂ ਦੀ ਹੋਈ ਮੌਤ
ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਤਿੰਨ ਦਿਨਾਂ ਤੋਂ ਹੋ ਰਹੀ ਹਿੰਸਾ ਭਾਵੇਂ ਰੁੱਕ ਗਈ ਹੈ ਪਰ ਡਰ ਦਾ ਮਾਹੌਲ ਅਜੇ ਵੀ ਹੈ। ਵੀਰਵਾਰ ਨੂੰ ਦਿੱਲੀ ਹਿੰਸਾ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਗਈ ਹੈ ਅਤੇ ਹੁਣ ਤੱਕ ਗਿਣਤੀ 34 ਹੋ ਗਈ ਹੈ। ਪੁਲਿਸ ਅਤੇ ਸੁਰੱਖਿਆ ਬਲਾਂ ਵੱਲੋਂ ਹਿੰਸਾ ਪ੍ਰਭਾਵਿਤ ਇਲਾਕਿਆਂ ਵਿੱਚ ਲਗਤਾਰ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰ ਰਹੇ ਹਨ।
ਦਿੱਲੀ ਹਿੰਸਾ ‘ਚ ਮਰਨ ਵਾਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਗੁਰੂ ਤੇਗ ਬਹਾਦਰ ਹਸਪਤਾਲ (ਜੀਟੀਬੀ) ਵੱਲੋਂ ਵੀਰਵਾਰ ਨੂੰ ਇੱਕ ਨਵਾਂ ਅੰਕੜਾ ਜਾਰੀ ਕੀਤਾ ਗਿਆ ਹੈ। ਹਸਪਤਾਲ ਅਨੁਸਾਰ ਦਿੱਲੀ ਹਿੰਸਾ ਵਿੱਚ ਹੁਣ ਤੱਕ 34 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ 250 ਤੋਂ ਵੱਧ ਲੋਕ ਜ਼ਖਮੀ ਹਨ। ਇਨ੍ਹਾਂ ‘ਚੋਂ 30 ਮੌਤਾਂ ਜੀਟੀਬੀ ਹਸਪਤਾਲ ਅਤੇ 2 ਮੌਤਾਂ ਐਨਐਨਜੇਪੀ ਹਸਪਤਾਲ ‘ਚ ਹੋਈਆਂ ਹਨ। ਬੁੱਧਵਾਰ ਨੂੰ ਬ੍ਰਹਮਾਪੁਰੀ ਰੋਡ ਤੋਂ ਘੋਂਡਾ ਚੌਕ, ਨੂਰ-ਏ-ਇਲਾਹੀ ਚੌਕ, ਯਮੁਨਾ ਵਿਹਾਰ ਦੇ ਚੱਪੇ-ਚੱਪੇ ‘ਤੇ ਆਈਟੀਬੀਪੀ ਅਤੇ ਸੀਆਰਪੀਐਫ ਨੂੰ ਤਾਇਨਾਤ ਕੀਤਾ ਗਿਆ ਸੀ। ਕਰਾਵਲ ਨਗਰ ਰੋਡ, ਬ੍ਰਿਜਪੁਰੀ ਰੋਡ, ਸ਼ਿਵ ਵਿਹਾਰ, ਮੁਸਤਫ਼ਾਬਾਦ, ਮੌਜਪੁਰ, ਜਾਫ਼ਰਾਬਾਦ, ਸੀਲਮਪੁਰ, ਜੋਤੀ ਨਗਰ, ਮੌਜਪੁਰ, ਗੋਕੁਲਪੁਰੀ, ਚਾਂਦਬਾਗ, ਵੇਲਕਮ ਆਦਿ ਇਲਾਕਿਆਂ ‘ਚ ਵੀ ਪੁਲਿਸ ਅਤੇ ਅਰਧ-ਸੈਨਿਕ ਬਲਾਂ ਨੂੰ ਤਾਇਨਾਤ ਕੀਤਾ ਗਿਆ ਸੀ।