ਜੀ.ਓ.ਜੀ ਦੀ ਜ਼ਿਲ੍ਹਾ ਪੱਧਰੀ ਮੀਟਿੰਗ 'ਚ ਪੰਜਾਬ ਸਰਕਾਰ ਦੀਆਂ ਮੋਬਾਇਲ ਐਪ ਬਾਰੇ ਦਿੱਤੀ ਜਾਣਕਾਰੀ
,
ਸ੍ਰੀ ਮੁਕਤਸਰ ਸਾਹਿਬ:- ਪੰਜਾਬ ਸਰਕਾਰ ਦੀ ਸਾਬਕਾ ਫੌਜੀਆਂ ਦੀ ਮਦਦ ਨਾਲ ਬਣਾਏ ਅਦਾਰੇ ਖੁਸ਼ਹਾਲੀ ਦੇ ਰਾਖੇ (ਜੀ.ਓ.ਜੀ) ਦੀ ਜ਼ਿਲ੍ਹਾ ਪੱਧਰੀ ਮੀਟਿੰਗ ਡਿਪਟੀ ਕਮਿਸ਼ਨਰ ਕੰਪਲੈਕਸ ਵਿਖੇ ਸਥਿਤ ਜੀ.ਓ.ਜੀ ਦਫਤਰ ਵਿਖੇ ਜ਼ਿਲ੍ਹਾ ਹੈਡ ਮੇਜਰ ਗੁਰਜੰਟ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹੋਈ । ਜ਼ਿਲ੍ਹਾ ਸੁਪਰਵਾਈਜਰ ਕੈਪਟਨ ਬਲਵਿੰਦਰ ਸਿੰਘ ਨੇ ਮੀਟਿੰਗ ਦੀ ਪ੍ਰਧਾਨਗੀ ਕਰਨ ਪੁੱਜੇ ਇੰਚਾਰਜ ਤਹਿਸੀਲ ਮਲੋਟ ਸਾਬਕਾ ਵਰੰਟ ਅਫਸਰ ਹਰਪ੍ਰੀਤ ਸਿੰਘ ਸਮੇਤ ਸਮੂਹ ਸੁਪਰਵਾਈਜਰਾਂ ਅਤੇ ਜੀ.ਓ.ਜੀ ਦਾ ਸਵਾਗਤ ਕਰਦਿਆਂ ਉਹਨਾਂ ਨੂੰ ਜੀ.ਓ.ਜੀ ਦੀਆਂ ਮੌਜੂਦਾ ਚਲ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਸਮੂਹ ਜੀ.ਓ.ਜੀ ਨੂੰ ਪੂਰੀ ਸੰਜੀਦਗੀ ਨਾਲ ਫੀਡਬੈਕ ਦੇਣ ਦੀ ਹਿਦਾਇਤ ਕੀਤੀ । ਸਾਬਕਾ ਵਰੰਟ ਅਫਸਰ ਹਰਪ੍ਰੀਤ ਸਿੰਘ ਨੇ ਮੀਟਿੰਗ ਦੀ ਸ਼ੁਰੂਆਤ ਨਵੇਂ ਸਾਲ ਦੀਆਂ ਸ਼ੁੱਭਕਾਮਵਾਨਾਂ ਦੇਣ ਦੇ ਨਾਲ ਕਰਦਿਆਂ ਪੰਜਾਬ ਸਰਕਾਰ ਦੁਆਰਾ ਸ਼ੁਰੂਆਂ ਕੀਤੀਆਂ ਦੋ ਨਵੀਆਂ ਐਪ ਸਮਾਰਟ ਵਿਲਜ ਅਤੇ ਪੀ.ਏ.ਯੂ ਕਿਸਾਨ ਐਪ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ।
ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਹਰਪ੍ਰੀਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਪਰੋਕਤ ਐਪ ਨਾਲ ਕਿਸੇ ਵੀ ਪਿੰਡ ਵਿਚ ਚਲ ਰਹੇ ਵਿਕਾਸ ਕੰਮਾਂ ਦੀ ਜਾਣਕਾਰੀ ਮਿਲ ਸਕਦੀ ਹੈ ਅਤੇ ਇਕ ਆਮ ਨਾਗਰਿਕ ਵੀ ਆਪਣੀ ਫੀਡਬੈਕ ਦੇ ਸਕਦਾ ਹੈ । ਕਿਸਾਨ ਐਪ ਵਿਚ ਕਿਸਾਨਾਂ ਲਈ ਫਸਲਾਂ, ਕੀਟਨਾਸ਼ਕ, ਮੌਸਮ, ਫਲਾਂ, ਬਾਗਾਂ ਆਦਿ ਬਾਰੇ ਬਹੁਤ ਹੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ ਜਿਸਨੂੰ ਵਰਤ ਕੇ ਕਿਸਾਨ ਭਰਾ ਵੀ ਪੂਰਾ ਲਾਹਾ ਲੈ ਸਕਦੇ ਹਨ । ਉਹਨਾਂ ਕਿਹਾ ਕਿ ਜੀ.ਓ.ਜੀ ਵੀ ਇਹਨਾਂ ਐਪ ਰਾਹੀਂ ਖੁਦ ਫੀਡਬੈਕ ਦੇ ਨਾਲ ਪਿੰਡ ਵਾਸੀਆਂ ਨੂੰ ਸਰਕਾਰ ਦੀਆਂ ਕੰਮਕਾਜ ਨੂੰ ਪਾਰਦਰਸ਼ਤਾ ਅਧੀਨ ਲਿਆਉਣ ਵਾਲੀਆਂ ਅਜਿਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦੇਣਗੇ । ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਸਮੂਹ ਜੀ.ਓ.ਜੀ ਨੂੰ ਸਵੱਛ ਭਾਰਤ ਤਹਿਤ ਪੈਖਾਨਿਆਂ ਦੇ ਪੈਸੇ ਨਾ ਮਿਲਣ ਜਾਂ ਨਵੇਂ ਬਣਾਉਣ, ਮਨਰੇਗਾ ਕਾਮਿਆਂ ਨੂੰ ਪੈਸੇ ਨਾ ਮਿਲਣ, ਸ਼ਗਨ ਸਕੀਮ ਅਤੇ ਪੈਨਸ਼ਨਾਂ ਨਾ ਮਿਲਣ ਦੇ ਕੇਸ ਵੀ ਪੂਰੀ ਤਫਤੀਸ਼ ਕਰਕੇ ਰਿਪੋਰਟ ਦੇਣਗੇ ਤਾਂ ਜੋ ਲੋੜਵੰਦ ਯੋਗ ਲਾਭਪਾਤਰੀ ਕਿਸੇ ਹੱਕ ਤੋਂ ਵਾਂਝੇ ਨਾ ਰਹਿਣ । ਹਰਪ੍ਰੀਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਸਰਕਾਰ ਇਸ ਸਮੇਂ ਗੁੱਡ ਗਵਰਨੈਂਸ ਸੂਬੇ ਦੇ ਹਰ ਸਰਕਾਰੀ ਕੰਮਕਾਜ ਵਿਚ ਸੁਧਾਰ ਤੇ ਪਾਰਦਰਸ਼ਤਾ ਲਿਆ ਕੇ ਸੂਬੇ ਦੇ ਨਾਗਰਿਕਾਂ ਪ੍ਰਤੀ ਆਪਣੀ ਵਚਨਬੱਧਤਾ ਪੂਰੀ ਕਰਨ ਵਿਚ ਜੁੱਟੀ ਹੈ ਅਤੇ ਜੀ.ਓ.ਜੀ ਅਦਾਰਾ ਮੇਜਰ ਜਰਨਲ ਟੀ.ਐਸ.ਸ਼ੇਰਗਿੱਲ ਦੀ ਅਗਵਾਈ ਵਿਚ ਸਰਕਾਰ ਦੇ ਇਸ ਵਾਅਦੇ ਨੂੰ ਪੂਰਾ ਕਰਨ ਵਿਚ ਬਹੁਤ ਅਹਿਮ ਭੂਮਿਕਾ ਅਦਾ ਕਰ ਰਿਹਾ ਹੈ। ਇਸ ਮੌਕੇ ਸੁਪਰਵਾਈਜਰ ਬਲਜਿੰਦਰ ਸਿੰਘ, ਸੁਪਰਵਾਈਜਰ ਲਾਭ ਸਿੰਘ, ਸੁਪਰਵਾਈਜਰ ਗੁਲਾਬ ਸਿੰਘ, ਸੁਪਰਵਾਈਜਰ ਗੁਰਦੀਪ ਸਿੰਘ, ਡੀਈਓ ਹਰਨੇਕ ਸਿੰਘ, ਡੀਈਓ ਨਵਜੋਤ ਸਿੰਘ, ਪ੍ਰਧਾਨ ਅਵਤਾਰ ਸਿੰਘ ਫਕਰਸਰ, ਪ੍ਰਧਾਨ ਦਰਸ਼ਨ ਸਿੰਘ ਭੰਗਚੜੀ ਅਤੇ ਜੀ.ਓ.ਜੀ ਤਰਸੇਮ ਸਿੰਘ ਲੰਬੀ ਸਮੇਤ ਜ਼ਿਲ੍ਹੇ ਦੀ ਸਮੁੱਚੀ ਟੀਮ ਹਾਜਰ ਸੀ ।