ਬਠਿੰਡਾ ਵਿਚ ਬਿਜਲੀ ਦਰਾਂ 'ਚ ਵਾਧੇ ਦੇ ਰੋਸ ਵਜੋਂ ਸੂਬਾ ਸਰਕਾਰ ਵਿਰੁੱਧ ਪ੍ਰਦਰਸ਼ਨ

ਬਠਿੰਡਾ:-  ਪੰਜਾਬ ਸਰਕਾਰ ਵਲੋਂ ਬਿਜਲੀ ਦਰਾਂ ਵਿਚ ਕੀਤੇ ਵਾਧੇ ਦੇ ਵਿਰੋਧ ਵਿਚ ਅੱਜ ਪਰਸਰਾਮ ਨਗਰ ਚੌਕ ਵਿਚ ਸਾਬਕਾ ਕੌਾਸਲਰ ਵਿਜੇ ਕੁਮਾਰ ਨੇ ਅਨੋਖਾ ਪ੍ਰਦਰਸ਼ਨ ਕਰਕੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕੀਤਾ ਗਿਆ । ਸਾਬਕਾ ਕੌਾਸਲਰ ਵਿਜੇ ਕੁਮਾਰ ਨੇ ਗਲ ਵਿਚ ਬਲਬ ਪਾ ਕੇ, ਬਾਂਹਾਂ ਵਿਚ ਤਾਰਾਂ ਪਾ ਕੇ ਅਤੇ ਟਾਇਰਾਂ ਨੂੰ ਅੱਗ ਲਗਾ ਕੇ ਰੋਸ ਵਿਖਾਵਾ ਕੀਤਾ । ਵਿਜੇ ਕੁਮਾਰ ਦਾ ਕਹਿਣਾ ਕਿ ਸੜਕ 'ਤੇ ਮਚਦੇ ਇਨ੍ਹਾਂ ਟਾਇਰਾਂ ਵਾਂਗ ਪੰਜਾਬ ਦੇ ਲੋਕ ਮਹਿੰਗਾਈ ਦੀ ਅੱਗ ਵਿਚ ਝੁਲਸ ਰਹੇ ਹਨ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਮਹਿਲਾਂ ਵਿਚ ਆਰਾਮ ਫਰਮਾ ਰਹੇ ਹਨ । ਉਨ੍ਹਾਂ ਮੁੱਖ ਮੰਤਰੀ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਬਠਿੰਡਾ ਵਿਖੇ ਕੀਤੀ ਲਲਕਾਰ ਰੈਲੀ ਵਿਚ ਕਿਹਾ ਸੀ ਕਿ ਕਾਂਗਰਸ ਸਰਕਾਰ ਆਉਣ 'ਤੇ ਬਿਜਲੀ ਯੂਨਿਟ 3-4 ਰੁਪਏ ਕਰ ਦੇਵਾਂਗੇ ਪਰ ਹੁਣ ਬਿਜਲੀ 9 ਰੁਪਏ ਯੂਨਿਟ ਹੋ ਗਈ ਹੈ । ਜੇਕਰ ਹਾਲ ਇਸੇ ਤਰ੍ਹਾਂ ਰਿਹਾ ਤਾਂ ਲੋਕਾਂ ਨੂੰ ਪੁਰਾਣੇ ਸਮਿਆਂ ਵਾਂਗ ਆਪਣੇ ਘਰਾਂ 'ਚ ਲਾਲਟੈਨਾਂ ਜਗਾਉਣੀਆਂ ਪੈਣਗੀਆਂ ਕਿਉਂਕਿ ਬਿਜਲੀ ਦੇ ਬਿੱਲ ਉਨ੍ਹਾਂ ਤੋਂ ਭਰ ਹੀ ਨਹੀਂ ਹੋਣੇ । ਉਨ੍ਹਾਂ ਸਭ ਪਾਰਟੀਆਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਬਿੱਲ ਸਭ ਨੂੰ ਆਏ ਹਨ, ਇਸ ਲਈ ਆਪਣੇ ਵਿਧਾਇਕਾਂ ਨੂੰ ਸਵਾਲ ਕਰੋ ਕਿ ਬਿਜਲੀ ਦੇ ਬਿੱਲ ਵੱਧ ਕਿਉਂ ਆਏ ਹਨ ।ਉਨ੍ਹਾਂ ਮੰਗ ਕੀਤੀ ਕਿ ਸਰਕਾਰ ਬਿਜਲੀ ਦਰਾਂ ਵਿਚ ਕਟੌਤੀ ਕਰਕੇ ਲੋਕਾਂ ਨੂੰ ਵੱਡੇ ਬਿਜਲੀ ਬਿੱਲਾਂ ਤੋਂ ਰਾਹਤ ਦੇਵੇ ।