ਫੈਕਟਰੀ 'ਚ ਟੈਂਕ ਦੀ ਸਫਾਈ ਦੌਰਾਨ 3 ਕਰਮਚਾਰੀਆਂ ਦੀ ਮੌਤ

ਅਬੋਹਰ:- ਅਬੋਹਰ-ਸ਼੍ਰੀਗੰਗਾਨਰ ਕੌਮਾਂਤਰੀ ਰੋਡ ਨੰ. 15 'ਤੇ ਸਥਿਤ ਫੋਕਲ ਪੁਆਇੰਟ ਨੇੜੇ ਬਣੀ ਇਕ ਕਾਲੇ ਤੇਲ ਦੀ ਸ਼ੋਧਕ ਰਿਫਾਇਨਰੀ ਆਇਲ ਫੈਕਟਰੀ 'ਚ ਟੈਂਕ ਦੀ ਸਫਾਈ ਕਰਨ ਉਤਰੇ ਤਿੰਨ ਕਰਮਚਾਰੀ ਗੈਸ ਚੜਨ ਨਾਲ ਅੰਦਰ ਹੀ ਬੇਹੋਸ਼ ਹੋ ਗਏ। ਸੂਚਨਾ ਮਿਲਦੇ ਹੀ ਉਪਮੰਡਲ ਅਧਿਕਾਰੀ ਪੂਨਮ ਸਿੰਘ, ਪੁਲਿਸ ਕਪਤਾਨ ਮੰਜੀਤ ਸਿੰਘ, ਪੁਲਿਸ ਉਪ ਕਪਤਾਨ ਸੰਦੀਪ ਕੁਮਾਰ, ਥਾਣਾ ਮੁਖੀ ਸੁਨੀਲ ਕੁਮਾਰ, ਫਾਇਰ ਬਿਗ੍ਰੇਡ, ਐਂਬੂਲੈਂਸ, ਪੁਲਿਸ ਟੀਮਾਂ, ਮਾਰਕਿਟ ਕਮੇਟੀ ਤੇ ਫੂਡ ਸਪਲਾਈ ਵਿਭਾਗ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ ਤੇ ਟੈਂਕ 'ਚ ਬੇਹੋਸ਼ ਪਏ ਕਰਮਚਾਰੀਆਂ ਨੂੰ ਬਾਹਰ ਕੱਢਣ ਦਾ ਯਤਨ ਸ਼ੁਰੂ ਕਰ ਦਿੱਤਾ। ਕਰਮਚਾਰੀਆਂ ਨੂੰ ਬਾਹਰ ਆਉਂਦਾ ਨਾ ਦੇਖ ਪ੍ਰਸ਼ਾਸਨ ਵੱਲੋਂ ਆਰਮੀ ਦੀ ਐੱਨ. ਡੀ. ਆਰ. ਐੱਫ. ਟੀਮ ਨੂੰ ਬੁਲਾਇਆ ਗਿਆ। ਜਿਨ੍ਹਾਂ ਨੇ ਇਲੈਕਟ੍ਰੋਨਿਕ ਕੈਮਰਿਆਂ ਦੀ ਸਹਾਇਤਾ ਨਾਲ ਟੈਂਕ 'ਚ ਡਿੱਗੇ ਕਰਮਚਾਰੀਆਂ ਨੂੰ ਬਾਹਰ ਕੱਢਣ ਦਾ ਯਤਨ ਸ਼ੁਰੂ ਕੀਤਾ। ਸ਼ਾਮ ਕਰੀਬ ਸਾਢੇ 4 ਵਜੇ ਦੇ ਬਾਅਦ ਇਨ੍ਹਾਂ ਕਰਮਚਾਰੀਆਂ ਨੂੰ ਇਕ-ਇਕ ਕਰ ਕੇ ਬਾਹਰ ਕੱਢਿਆ ਗਿਆ, ਜਿਨ੍ਹਾਂ ਦੀ ਹਾਲਤ ਖਰਾਬ ਹੋਣ ਦੇ ਚਲਦੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਜਿਥੇ ਉਕਤ ਕਰਮਚਾਰੀਆਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਗੁਰਸੇਵਕ ਆਇਲ ਇੰਡਸਟ੍ਰੀਜ਼ 'ਚ ਕੰਮ ਕਰਨ ਵਾਲੇ ਢਾਣੀ ਵਿਸ਼ੇਸ਼ਰਨਾਥ ਵਾਸੀ ਹੈਪੀ ਪੁੱਤਰ ਬੂਟਾ ਸਿੰਘ ਉਮਰ 25, ਬਿਹਾਰ ਵਾਸੀ ਧੋਨੀ ਉਮਰ 25 ਅਤੇ ਹਰਿਆਣਾ ਵਾਸੀ ਬਦਰੀਨਾਥ ਅੱਜ ਸਵੇਰੇ ਕਰੀਬ 11 ਵਜੇ ਫੈਕਟਰੀ ਦੇ ਖਾਲੀ ਟੈਂਕ 'ਚ ਸਫਾਈ ਕਰਨ ਉਤਰੇ, ਜਿਨ੍ਹਾਂ ਦੀ ਗੈਸ ਚੜਨ ਕਾਰਨ ਮੌਤ ਹੋ ਗਈ। ਸੂਚਨਾ ਮਿਲਦੇ ਹੀ ਫੈਕਟਰੀ ਸੰਚਾਲਕ ਅਮਰੀਕ ਸਿੰਘ ਵੀ ਮੌਕੇ 'ਤੇ ਪਹੁੰਚ ਗਏ। ਜਿਨ੍ਹਾਂ ਨੂੰ ਪੁਲਿਸ ਵੱਲੋਂ ਪੁੱਛਗਿੱਛ ਦੇ ਲਈ ਹਿਰਾਸਤ 'ਚ ਲੈ ਲਿਆ ਹੈ।