ਬੰਦ ਹੋਣ ਜਾ ਰਹੀ ਹੈ ਫਿਰੋਜ਼ਪੁਰ-ਦਿੱਲੀ ਸ਼ਤਾਬਦੀ ਐਕਸਪ੍ਰੈੱਸ!

ਬਾਘਾਪੁਰਾਣਾ:- ਫਿਰੋਜ਼ਪੁਰ ਤੋਂ ਦਿੱਲੀ ਤੱਕ ਜਾਣ ਵਾਲੀ ਸ਼ਤਾਬਦੀ ਐਕਸ ਪ੍ਰੈੱਸ ਬੰਦ ਹੋਣ ਜਾ ਰਹੀ ਹੈ। ਇਸ ਗੱਡੀ ਨੂੰ ਬੰਦ ਕਰਨ ਦਾ ਰੇਲਵੇ ਵਿਭਾਗ ਦਾ ਕਹਿਣਾ ਹੈ ਕਿ ਇਸ ਗੱਡੀ ਨੂੰ ਲੋੜ ਮੁਤਾਬਕ ਸਵਾਰੀ ਨਹੀਂ ਮਿਲ ਰਹੀ ਪਰ ਰੇਲਵੇ ਵਿਭਾਗ ਨੇ ਲੋੜੀਂਦੀ ਸਵਾਰੀ ਨਾ ਮਿਲਣ ਦੇ ਕਾਰਣਾਂ ਦੀ ਘੋਖ ਕਰਨ ਲਈ ਕੋਈ ਗੰਭੀਰਤਾ ਹੀ ਨਹੀਂ ਦਿਖਾਈ ਸਗੋਂ ਗੱਡੀ ਨੂੰ ਬੰਦ ਕਰਨ ਦੇ ਫੈਸਲੇ ਦੀ ਤਿਆਰੀ ਵਿੱਢ ਦਿੱਤੀ ਹੈ। ਰੇਲ ਯਾਤਰੀਆਂ ਦੀਆਂ ਮੁਸ਼ਕਲਾਂ ਪ੍ਰਤੀ ਚਿੰਤਤ ਤੇ ਉਘੇ ਸਮਾਜ ਸੇਵੀ ਕੁਲਦੀਪ ਮਾਣੂੰਕੇ, ਆਰ. ਕੇ. ਕੰਬੋਜ, ਜਸਵੰਤ ਸਿੰਘ ਜੱਸੀ, ਵਿਕਾਸ ਸੇਤੀਆ, ਕੁੱਕੂ ਕੰਬੋਜ ਨੇ ਦੱਸਿਆ ਕਿ ਫਿਰੋਜ਼ਪੁਰ ਤੋਂ ਦਿੱਲੀ ਲਈ ਜਾਣ ਵਾਲੀਆਂ ਗੱਡੀਆਂ ਦਾ ਸਮਾਂ ਸਵੇਰੇ 4 ਤੋਂ 4:50 ਤੱਕ ਹੈ ਅਤੇ ਇਸ ਪੌਣੇ ਘੰਟੇ ਵਿਚ ਦਿੱਲੀ ਲਈ ਤਿੰਨ ਗੱਡੀਆਂ ਰਵਾਨਾ ਹੋ ਜਾਂਦੀਆਂ ਹਨ, ਜਦਕਿ ਇਸ ਪੌਣੇ ਘੰਟੇ ਦੌਰਾਨ ਇਸ ਲਾਈਨ ਦੇ ਲਾਗਲੇ ਕਸਬਿਆਂ ਤਲਵੰਡੀ ਭਾਈ, ਬਾਘਾਪੁਰਾਣਾ, ਮੁੱਦਕੀ, ਸਾਦਿਕ, ਬਰਗਾੜੀ, ਮਕਤਸਰ, ਸਮਾਲਸਰ ਆਦਿ ਤੋਂ ਸਵਾਰੀਆਂ ਦਾ ਕੋਟਕਪੂਰਾ ਸਟੇਸ਼ਨ ਤੱਕ ਪੁੱਜਣਾ ਬੇਹੱਦ ਔਖਾ ਹੈ। ਉਕਤ ਚਿੰਤਕਾਂ ਨੇ ਰੇਲਵੇ ਸੰਘਰਸ਼ ਸਮਿਤੀ ਦੇ ਪ੍ਰਧਾਨ ਨਰਿੰਦਰ ਰਠੋਰ ਅਤੇ ਸਮੁੱਚੀ ਟੀਮ ਨੂੰ ਅਪੀਲ ਕੀਤੀ ਹੈ ਕਿ ਉਹ ਰੇਲਵੇ ਮੰਤਰਾਲੇ ਅਤੇ ਸਬੰਧਤ ਅਧਿਕਾਰੀਆਂ ਤੱਕ ਪਹੁੰਚ ਕਰ ਕੇ ਸ਼ਤਾਬਦੀ ਐਕਸ ਪ੍ਰੈੱਸ ਦੇ ਫਿਰੋਜ਼ਪੁਰ ਤੋਂ ਚੱਲਣ ਦੇ ਟਾਈਮ ਨੂੰ ਤਬਦੀਲ ਕਰਵਾ ਕੇ ਇਸ ਦੀ ਰਵਾਨਗੀ ਦਾ ਸਮਾਂ ਸਵੇਰੇ 6 ਵਜੇ ਕਰਵਾਉਣ।