ਡੇਂਗੂ ਦੀ ਦਸਤਕ ਨੇ ਵਧਾਈ ਕੇਂਦਰ ਸਰਕਾਰ ਦੀ ਚਿੰਤਾ

ਲੁਧਿਆਣਾ :- ਚੱਲ ਰਹੀ ਬਾਰਿਸ਼ ਦੇ ਮੌਸਮ ਨੇ ਬੇਸ਼ੱਕ ਗਰਮੀ ਤੋਂ ਕੁਝ ਰਾਹਤ ਦਿੱਤੀ ਹੈ ਪਰ ਬਾਰਿਸ਼ ਦੇ ਨਾਲ ਹੀ ਡੇਂਗੂ ਦੇ ਕਹਿਰ ਨੇ ਕੇਂਦਰ ਅਤੇ ਸੂਬਾ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਕੇਂਦਰ ਸਰਕਾਰ ਨੇ ਡੇਂਗੂ ਦੇ ਦਸਤਕ ਦਿੰਦੇ ਹੀ ਸਿੱਖਿਆ ਸੰਸਥਾਵਾਂ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਅਲਰਟ ਕਰਨ ਦੇ ਨਿਰਦੇਸ਼ ਵੱਖ-ਵੱਖ ਬੋਰਡਾਂ ਅਤੇ ਯੂਨੀਵਰਸਿਟੀਆਂ ਨੂੰ ਜਾਰੀ ਕੀਤੇ ਹਨ, ਜਿਸ ਕਾਰਨ ਡੇਂਗੂ ਤੋਂ ਬਚਿਆ ਜਾ ਸਕੇ। ਸਰਕਾਰੀ ਨਿਰਦੇਸ਼ ਤੋਂ ਬਾਅਦ ਕੇਂਦਰੀ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਨੇ ਵੀ ਸਕੂਲਾਂ ਨੂੰ ਅਲਰਟ ਜਾਰੀ ਕਰ ਦਿੱਤਾ ਹੈ। ਬੋਰਡ ਨੇ ਨਾ ਸਿਰਫ ਵਿਦਿਆਰਥੀਆਂ ਅਤੇ ਅਧਿਆਪਕਾਂ, ਸਗੋਂ ਮਾਤਾ-ਪਿਤਾ ਨੂੰ ਵੀ ਜਾਗਰੂਕ ਕਰਨ ਲਈ ਸਕੂਲਾਂ ਨੂੰ ਕਿਹਾ ਹੈ। ਇਕ ਨਵੀਂ ਪਹਿਲ ਕਰਦਿਆਂ ਸਕੂਲ ਵਲੋਂ ਮਾਤਾ-ਪਿਤਾ ਅਤੇ ਵਿਦਿਆਰਥੀਆਂ ਨੂੰ ਇਕ ਸੁਨੇਹਾ ਭੇਜਿਆ ਜਾਵੇਗਾ, ਜਿਸ 'ਚ ਡੇਂਗੂ ਤੋਂ ਬਚਾਅ ਦੇ ਤਰੀਕੇ ਦੱਸੇ ਜਾਣਗੇ।