RBI ਦਾ ਮੱਛੀ ਤੇ ਪਸ਼ੂ ਪਾਲਕਾਂ ਲਈ ਵੱਡਾ ਕਦਮ, ਦਿੱਤੀ ਇਹ ਸੌਗਾਤ
ਹੁਣ ਮੱਛੀ ਤੇ ਪਸ਼ੂ ਪਾਲਕਾਂ ਨੂੰ ਵੀ ਕਿਸਾਨ ਕ੍ਰੈਡਿਟ ਕਾਰਡ ’ਤੇ ਸਸਤਾ ਲੋਨ ਮਿਲੇਗਾ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ 2 ਲੱਖ ਰੁਪਏ ਤਕ ਦੇ ਸ਼ਾਰਟ ਟਰਮ ਲੋਨ ’ਤੇ ਮੱਛੀ ਅਤੇ ਪਸ਼ੂ ਪਾਲਣ ਧੰਦੇ ਨਾਲ ਜੁੜੇ ਕਿਸਾਨਾਂ ਨੂੰ ਵੀ ‘ਕਿਸਾਨ ਕ੍ਰੈਡਿਟ ਕਾਰਡ (ਕੇ. ਸੀ. ਸੀ.)’ ’ਤੇ 2 ਫੀਸਦੀ ਇੰਟਰਸਟ ਸਬਸਿਡੀ ਦੇਣ ਦਾ ਫੈਸਲਾ ਕੀਤਾ ਹੈ। ਹੁਣ ਤਕ ਇਸ ਸਬਸਿਡੀ ਦਾ ਫਾਇਦਾ ਖੇਤੀ ਨਾਲ ਜੁੜੇ ਕਿਸਾਨਾਂ ਨੂੰ ਹੀ ਮਿਲ ਰਿਹਾ ਸੀ।
ਇੰਟਰਸਟ ਸਬਸਿਡੀ ਨਾਲ ਹੁਣ ਇਨ੍ਹਾਂ ਕਿਸਾਨਾਂ ਨੂੰ 2 ਲੱਖ ਰੁਪਏ ਤਕ ਦਾ ਸ਼ਾਰਟ ਟਰਮ ਲੋਨ ਸਿਰਫ 7 ਫੀਸਦੀ ਇੰਟਰਸਟ ’ਤੇ ਮਿਲੇਗਾ। ਭਾਰਤੀ ਰਿਜ਼ਰਵ ਬੈਂਕ ਦਾ ਕਹਿਣਾ ਹੈ ਕਿ ਇਹ ਸਬਸਿਡੀ 2018-19 ਤੇ 2019-20 ਦੌਰਾਨ ਲਏ ਗਏ ਲੋਨ ’ਤੇ ਲਾਗੂ ਹੈ।
ਇੰਨਾ ਹੀ ਨਹੀਂ ਮੱਛੀ ਅਤੇ ਪਸ਼ੂ ਪਾਲਣ ਧੰਦੇ ਨਾਲ ਜੁੜੇ ਜੋ ਕਿਸਾਨ ਸਮੇਂ ’ਤੇ ਕਰਜ਼ ਦੀ ਰਕਮ ਦਾ ਭੁਗਤਾਨ ਕਰਨਗੇ ਉਨ੍ਹਾਂ ਨੂੰ ਤਿੰਨ ਫੀਸਦੀ ਦੀ ਵਾਧੂ ਇੰਟਰਸਟ ਸਬਸਿਡੀ ਵੀ ਮਿਲੇਗੀ। ਇਸ ਦਾ ਮਤਲਬ ਹੈ ਕਿ ਸਮੇਂ ’ਤੇ ਭੁਗਤਾਨ ਕਰਨ ਵਾਲੇ ਕਿਸਾਨਾਂ ਨੂੰ ਵਿੱਤੀ ਸਾਲ 2018-19 ਅਤੇ 2019-20 ਲਈ ਸਿਰਫ 4 ਫੀਸਦੀ ਦੀ ਦਰ ਨਾਲ ਹੀ ਇੰਟਰਸਟ ਦਾ ਭੁਗਤਾਨ ਕਰਨਾ ਹੋਵੇਗਾ। ਰਿਜ਼ਰਵ ਬੈਂਕ ਦਾ ਕਹਿਣਾ ਹੈ ਕਿ ਖੇਤੀ ਦੇ ਨਾਲ-ਨਾਲ ਮੱਛੀ ਅਤੇ ਪਸ਼ੂ ਪਾਲਣ ਦਾ ਕੰਮ ਕਰਨ ਵਾਲੇ ਕਿਸਾਨ 3 ਲੱਖ ਰੁਪਏ ਤਕ ਦੇ ਲੋਨ ’ਤੇ ਇਸ ਸਬਸਿਡੀ ਦਾ ਫਾਇਦਾ ਲੈ ਸਕਦੇ ਹਨ। ਉੱਥੇ ਹੀ, ਜੋ ਕਿਸਾਨ ਸਿਰਫ ਮੱਛੀ ਪਾਲਣ ਤੇ ਪਸ਼ੂ ਪਾਲਣ ਵਰਗੇ ਕੰਮ ਕਰ ਰਹੇ ਹਨ ਉਨ੍ਹਾਂ ਨੂੰ ਸਿਰਫ 2 ਲੱਖ ਰੁਪਏ ਤਕ ਦੇ ਲੋਨ ’ਤੇ ਸਬਸਿਡੀ ਮਿਲੇਗੀ।