ਦਿੱਲੀ ਦੇ ਮੁੰਡਕਾ ਇਲਾਕੇ ‘ਚ ਲੱਗੀ ਭਿਆਨਕ ਅੱਗ
ਦਿੱਲੀ:- ਦਿੱਲੀ ਦੇ ਮੁੰਡਕਾ ਇਲਾਕੇ ਵਿੱਚ ਸ਼ਨੀਵਾਰ ਸਵੇਰੇ ਇੱਕ ਫਰਨੀਚਰ ਗੋਦਾਮ ਵਿੱਚ ਭਿਆਨਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ । ਦੱਸਿਆ ਜਾ ਰਿਹਾ ਹੈ ਕਿ ਤੇਜ਼ ਹਵਾ ਕਾਰਨ ਇਹ ਅੱਗ ਕਾਫੀ ਜ਼ਿਆਦਾ ਫੈਲ ਗਈ । ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ 21 ਗੱਡੀਆਂ ਮੌਕੇ ‘ਤੇ ਪਹੁੰਚੀਆਂ । ਫਿਲਹਾਲ ਇਸ ਮਾਮਲੇ ਵਿੱਚ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।ਮਿਲੀ ਜਾਣਕਾਰੀ ਅਨੁਸਾਰ ਮੁੰਡਕਾ ਰੇਲਵੇ ਸਟੇਸ਼ਨ ਨੇੜੇ ਲੱਕੜ ਦੇ ਕਾਰਖਾਨੇ ਵਿੱਚ ਇਹ ਅੱਗ ਲੱਗੀ ਹੈ । ਫਿਲਹਾਲ ਇਸ ਇਸ ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ । ਜ਼ਿਕਰਯੋਗ ਹੈ ਕਿ ਬੀਤੇ ਐਤਵਾਰ ਨੂੰ ਦਿੱਲੀ ਦੇ ਅਨਾਜ ਮੰਡੀ ਇਲਾਕੇ ਵਿੱਚ ਬਹੁ-ਮੰਜ਼ਿਲਾ ਇਮਾਰਤ ਵਿੱਚ ਭਿਆਨਕ ਅੱਗ ਲੱਗ ਗਈ ਸੀ, ਜਿਸ ਵਿੱਚ 43 ਲੋਕਾਂ ਦੀ ਮੌਤ ਹੋ ਗਈ ਸੀ । ਇਸ ਹਾਦਸੇ ਵਿੱਚ ਤਕਰੀਬਨ ਡੇਢ ਦਰਜਨ ਦੇ ਕਰੀਬ ਲੋਕ ਜ਼ਖ਼ਮੀ ਹੋ ਗਏ ਸਨ ।ਦੱਸ ਦੇਈਏ ਕਿ ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ ਇਮਾਰਤ ਦੇ ਮਾਲਕ ਰੇਹਾਨ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਧਾਰਾ 304 ਤਹਿਤ ਮਾਮਲਾ ਦਰਜ ਕਰ ਲਿਆ ਸੀ । ਦੱਸਿਆ ਜਾ ਰਿਹਾ ਸੀ ਕਿ ਪ੍ਰਭਾਵਿਤ ਇਮਾਰਤ ਦੀ ਹੇਠਲੀ ਮੰਜ਼ਿਲ ’ਤੇ ਪਲਾਸਟਿਕ ਦੇ ਖਿਡੌਣੇ ਬਣਦੇ ਸਨ । ਜਿਸ ਤੋਂ ਬਾਅਦ ਪਹਿਲੀ ਮੰਜ਼ਿਲ ’ਤੇ ਕਾਰਡ ਬੋਰਡ ਦਾ ਕੰਮ ਹੁੰਦਾ ਸੀ, ਦੂਜੀ ਮੰਜ਼ਿਲ ’ਤੇ ਕੱਪੜੇ ਦੀ ਵਰਕਸ਼ਾਪ ਸੀ ਅਤੇ ਤੀਜੀ ਮੰਜ਼ਿਲ ’ਤੇ ਜੈਕਟਾਂ ਬਣਦੀਆਂ ਸਨ । ਇਸ ਭਿਆਨਕ ਅੱਗ ਕਾਰਨ ਫੈਕਟਰੀ ਵਿੱਚ ਪਈਆਂ 12 ਤੋਂ 15 ਮਸ਼ੀਨਾਂ ਸੜ੍ਹ ਕੇ ਸੁਆਹ ਹੋ ਗਈਆਂ ਸਨ ।