ਕੇਂਦਰ ਸਰਕਾਰ ਵੱਲੋਂ ਦਿੱਤਾ ਜਾਵੇਗਾ ਮੁਫ਼ਤ ਫਾਸਟੈਗ

ਨਵੀਂ ਦਿੱਲੀ: ਇਲੈਕਟ੍ਰੋਨਿਕ ਟੋਲ ਕੁਲੈਕਸ਼ਨ ਨੂੰ ਪ੍ਰਮੋਟ ਕਰਨ ਲਈ ਕੇਂਦਰ ਸਰਕਾਰ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ । ਜਿਸ ਵਿੱਚ ਕੇਂਦਰ ਸਰਕਾਰ ਵੱਲੋਂ 15 ਫਰਵਰੀ 2020 ਤੋਂ 29 ਫਰਵਰੀ 2020 ਤੱਕ ਫਾਸਟੈਗ ਮੁਫ਼ਤ ਦਿੱਤਾ ਜਾਵੇਗਾ । ਕੇਂਦਰ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰਾਲੇ ਵੱਲੋਂ 15 ਦਿਨਾਂ ਲਈ ਫਾਸਟੈਗ ਦੀ 100 ਰੁਪਏ ਦੀ ਲਾਗਤ ਨੂੰ ਮਾਫ਼ ਕਰ ਦਿੱਤਾ ਗਿਆ ਹੈ । ਦਰਅਸਲ, ਕੇਂਦਰ ਸਰਕਾਰ ਵੱਲੋਂ ਮੁਫ਼ਤ ਦਿੱਤੇ ਜਾਣ ਵਾਲਾ ਇਹ ਨਵਾਂ ਨਿਯਮ 15 ਫਰਵਰੀ ਤੋਂ 29 ਫਰਵਰੀ ਤਕ ਲਾਗੂ ਰਹੇਗਾ । ਇਸ ਮਿਆਦ ਵਿੱਚ ਵਾਹਨਾਂ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ (RC) ਨਾਲ ਕਿਸੇ ਵੀ ਵਿਕਰੀ ਕੇਂਦਰ ਤੋਂ ਫਾਸਟੈਗ ਫ੍ਰੀ ਪ੍ਰਾਪਤ ਕੀਤਾ ਜਾ ਸਕਦਾ ਹੈ । ਫਾਸਟੈਗ ਲਈ ਨਿਰਧਾਰਤ ਸੁਰੱਖਿਆ ਜਮ੍ਹਾ ਰਾਸ਼ੀ ਅਤੇ ਵਾਲੇਟ ਵਿੱਚ ਘੱਟੋ-ਘਟ ਬਕਾਇਆ ਰਾਸ਼ੀ ਜਿਉਂ ਦੀ ਤਿਉਂ ਬਣੀ ਰਹੇਗੀ, ਇਸ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ । ਇਸ ਸਬੰਧੀ ਸਰਕਾਰ ਵੱਲੋਂ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਰਾਸ਼ਟਰੀ ਰਾਜਮਾਰਗ ਅਥਾਰਟੀ (NHAI) ਵਿੱਚ ਫਾਸਟੈਗ ਰਾਹੀਂ ਉਪਯੋਗਕਰਤਾ ਟੈਕਸ ਦੇ ਡਿਜੀਟਲ ਸੰਗ੍ਰਹਿ ਨੂੰ ਹੋਰ ਜ਼ਿਆਦਾ ਵਧਾਉਣ ਲਈ 100 ਰੁਪਏ ਦੀ ਫਾਸਟੈਗ ਲਾਗਤ ਨੂੰ ਮਾਫ਼ ਕਰਨ ਦਾ ਫ਼ੈਸਲਾ ਕੀਤਾ ਹੈ । ਇਸ ਤੋਂ ਇਲਾਵਾ ਇਸਦੀ ਵਧੇਰੇ ਜਾਣਕਾਰੀ ਲਈ NHAI ਦੀ ਮਾਈਫਾਸਟੈਗ ਐਪ, WWW.IHMCL.COM ’ਤੇ ਜਾਂ ਹੈਲਪਲਾਈਨ ਨੰਬਰ 1033 ’ਤੇ ਸੰਪਰਕ ਕੀਤਾ ਜਾ ਸਕਦਾ ਹੈ । ਇਹ ਫਾਸਟੈਗ NHAI ਦੇ ਸਾਰੇ ਪਲਾਜ਼ਿਆਂ ਤੋਂ ਇਲਾਵਾ RTO, ਆਮ ਸਹੂਲਤ ਕੇਂਦਰਾਂ, ਟਰਾਂਸਪੋਰਟ ਕੇਂਦਰਾਂ ਅਤੇ ਪੈਟਰੋਲ ਪੰਪਾਂ ਤੋਂ ਵੀ ਫਾਸਟੈਗ ਨੂੰ ਖਰੀਦਿਆ ਜਾ ਸਕਦਾ ਹੈ । ਫਾਸਟੈਗ ਇੱਕ ਇਲੈਕਟ੍ਰੋਨਿਕ ਟੈਗ ਹੈ, ਜੋ ਤੁਹਾਡੇ ਵਾਹਨ ਦੇ ਵਿੰਡਸਕਰੀਨ ‘ਤੇ ਚਿਪਕਾਏ ਜਾਂਦੇ ਹਨ । ਜਿਉਂ ਹੀ ਤੁਹਾਡੀ ਕਾਰ ਇਕ ਟੋਲ ਗੇਟ ਕੋਲ ਜਾਂਦੀ ਹੈ, ਇਕ ਟੈਗ ਰੀਡਰ ਤੁਹਾਡੇ ਆਰਐੱਫਆਈਡੀ ਆਧਾਰਿਤ ਫਾਸਟੈਗ ਨੂੰ ਸਕੈਨ ਕਰਦਾ ਹੈ ਅਤੇ ਬਿਨਾਂ ਕਿਸੇ ਮੈਨੁਅਲ ਦਖ਼ਲ ਦੇ ਟੋਲ ਟੈਕਸ ਨੂੰ ਇਲੈਕਟ੍ਰੋਨਿਕ ਤੌਰ ‘ਤੇ ਘਟਾ ਦਿੰਦਾ ਹੈ । ਜ਼ਿਕਰਯੋਗ ਹੈ ਕਿ ਦਸੰਬਰ 2019 ਤੱਕ 1 ਕਰੋੜ ਤੋਂ ਵੀ ਜ਼ਿਆਦਾ ਫਾਸਟੈਗ ਜਾਰੀ ਕੀਤੇ ਗਏ ਹਨ।