ਏ.ਡੀ.ਸੀ. ਸ੍ਰੀ ਮੁਕਤਸਰ ਸਾਹਿਬ ਨੂੰ ਮਲੋਟ ਤੋਂ ਸ੍ਰੀ ਮੁਕਤਸਰ ਸਾਹਿਬ ਸੜਕ ਬਣਾਉਣ ਸੰਬੰਧੀ ਸੌਂਪਿਆ ਮੰਗ ਪੱਤਰ

ਮਲੋਟ:- ਮਲੋਟ ਤੋਂ ਸ੍ਰੀ ਮੁਕਤਸਰ ਸਾਹਿਬ ਸੜਕ 'ਚ ਖੱਡੇ ਹੋਣ ਕਰਕੇ ਆਮ ਤੌਰ ' ਤੇ ਹਾਦਸੇ ਹੁੰਦੇ ਰਹਿੰਦੇ ਹਨ। ਲੱਗਦਾ ਹੈ ਸਾਰੇ ਪੰਜਾਬ ' ਚ ਇਕੋ ਇਕ ਹੀ ਸੜਕ ਹੈ , ਜਿਸਦੀ ਹਾਲਤ ਸਭ ਤੋਂ ਮਾੜੀ ਹੈ। ਡਾ : ਸੁਖਦੇਵ ਸਿੰਘ ਗਿੱਲ ਨੇ ਕਿਹਾ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਅਤੇ ਚਾਲੀ ਮੁਕਤਿਆਂ ਦੀ ਪਵਿੱਤਰ ਧਰਤੀ ਹੈ। ਲੱਖਾਂ ਸੰਗਤਾਂ ਇਥੇ ਨਤਮਸਤਕ ਹੋਣ ਲਈ ਹਰ ਸਾਲ ਆਉਂਦੀਆਂ ਹਨ। ਬੀਤੇ ਸਾਲਾਂ ਤੋਂ ਗੰਭੀਰ ਬਣੀ ਇਸ ਸਮੱਸਿਆ ਨੂੰ ਲੈ ਕੇ ਡਾ : ਸੁਖਦੇਵ ਸਿੰਘ ਗਿੱਲ ਜ਼ਿਲਾ ਕੋਆਰਡੀਨੇਟਰ, ਸਮਾਜ ਸੇਵੀ ਸੰਸਥਾਵਾਂ ਅਤੇ ਧਾਰਮਿਕ ਜਥੇਬੰਦੀਆਂ ਤੇ ਸਮਾਜ ਸੇਵੀ ਸੰਸਥਾਵਾਂ ਦੇ ਅਹੁਦੇਦਾਰਾਂ ਵਲੋਂ ਸ੍ਰੀ ਸੰਦੀਪ ਕੁਮਾਰ ਏ.ਡੀ.ਸੀ. ਸ੍ਰੀ ਮੁਕਤਸਰ ਸਾਹਿਬ ਨੂੰ ਮਲੋਟ ਤੋਂ ਸ੍ਰੀ ਮੁਕਤਸਰ ਸਾਹਿਬ ਸੜਕ ਬਣਾਉਣ ਸੰਬੰਧੀ ਮੰਗ ਪੱਤਰ ਸੌਂਪਿਆ ਗਿਆ । ਏ.ਡੀ.ਸੀ. ਨੇ ਡਾ : ਗਿੱਲ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਵਿਸ਼ਵਾਸ ਦੁਆਇਆ ਕਿ ਸੜਕ ਨੂੰ ਪਹਿਲ ਦੇ ਅਧਾਰ ' ਤੇ ਬਣਾਇਆ ਜਾਵੇਗਾ। ਡਾ : ਗਿੱਲ ਨੇ ਡਿਪਟੀ ਕਮਿਸ਼ਨਰ ਸ਼੍ਰੀ ਐੱਮ.ਕੇ.ਅਰਾਵਿੰਦ ਸ੍ਰੀ ਮੁਕਤਸਰ ਸਾਹਿਬ ਨਾਲ ਵੀ ਸੰਪਰਕ ਕੀਤਾ ਤਾਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸੜਕ ਦਾ ਐਸਟੀਮੇਟ ਬਣਾ ਕੇ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਹੈ , ਜਦੋਂ ਹੀ ਗ੍ਰਾਂਟ ਰਿਲੀਜ਼ ਹੁੰਦੀ ਹੈ ਤਾਂ ਸੜਕ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਜਾਵੇਗਾ , ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਕੰਮ ਨੂੰ ਜਲਦੀ ਨੇਪਰੇ ਚੜ੍ਹਾਇਆ ਜਾਵੇ। ਇਹ ਸੜਕ ਬਣਾਉਣ ਦਾ ਅਧਿਕਾਰ ਖੇਤਰ ਵੀ ਹੁਣ ਪੰਜਾਬ ਸਰਕਾਰ ਕੋਲ ਹੈ। ਇਸ ਮੌਕੇ ਡਾ : ਨਰੇਸ਼ ਪਰੂਥੀ ਚੇਅਰਮੈਨ , ਡਾ : ਸੁਖਦੇਵ ਸਿੰਘ ਗਿੱਲ ਜ਼ਿਲਾ ਕੋਆਰਡੀਨੇਟਰ , ਸੁਨੀਲ ਕੁਮਾਰ , ਜਸਪ੍ਰੀਤ ਸਿੰਘ ਛਾਬੜਾ , ਪਧਾਨ ਸੰਦੀਪ ਕੁਮਾਰ , ਦੇਸਰਾਜ ਸਿੰਘ , ਮੋਹਰ ਸਿੰਘ ਬਾਠ , ਹਰਵਿੰਦਰ ਪਾਲ ਸਿੰਘ ਗਲੋਰੀ , ਕਾਬਲ ਸਿੰਘ , ਕਸ਼ਮੀਰ ਸਿੰਘ , ਤੋਂ ਇਲਾਵਾ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰ ਹਾਜ਼ਰ ਸਨ।