ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਮਿਮਿਟ ਦਾ ਦੌਰਾ
,
ਮਲੋਟ:- ਪੰਜਾਬ ਦੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ, ਰੁਜਗਾਰ ਉਤਪੱਤੀ ਅਤੇ ਟੇ੍ਰਨਿੰਗ, ਸੈਰਸਪਾਟਾ ਤੇ ਸਭਿਆਚਾਰਕ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਸ: ਚਰਨਜੀਤ ਸਿੰਘ ਚੰਨੀ ਨੇ ਅੱਜ ਇੱਥੇ ਮਿਮਿਟ ਦਾ ਦੌਰਾ ਕੀਤਾ। ਇਸ ਮੌਕੇ ਉਨਾਂ ਨੇ ਇੰਸਟੀਚਿਊਟ ਦੇ ਸਮੂਹ ਸਟਾਫ ਸਾਹਮਣੇ ਸੰਸਥਾਨ ਨੂੰ ਸੂਬੇ ਦਾ ਮੋਹਰੀ ਤਕਨੀਕੀ ਸਿੱਖਿਆ ਸੰਸਥਾਨ ਬਣਾਉਣ ਦਾ ਟੀਚਾ ਤੈਅ ਕੀਤਾ ਅਤੇ ਸਮੂਹ ਸਟਾਫ ਨੂੰ ਇਸ ਟੀਚੇ ਦੀ ਪ੍ਰਾਪਤੀ ਲਈ ਜੀਅ ਜਾਨ ਨਾਲ ਕੰਮ ਕਰਨ ਦਾ ਸੱਦਾ ਦਿੱਤਾ।
ਇਸ ਮੌਕੇ ਕੈਬਨਿਟ ਮੰਤਰੀ ਸ: ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸੰਸਥਾਨ ਦਾ ਨਤੀਜਾ 100 ਫੀਸਦੀ ਆਵੇ ਇਸ ਲਈ ਵਿਦਿਆਰਥੀਆਂ ਦੀਆਂ ਵਾਧੂ ਕਲਾਸਾਂ ਲਗਾਈਆਂ ਜਾਣ। ਵਿਦਿਆਰਥੀਆਂ ਦੀ ਕਾਊਂਸਿਗ ਕੀਤੀ ਜਾਵੇ। ਉਨਾਂ ਕਿਹਾ ਕਿ ਪੜਾਈ ਵਿਚ ਕਮਜੋਰ ਵਿਦਿਆਰਥੀਆਂ ਦੀ ਪੜਾਈ ਤੇ ਵਿਸੇਸ਼ ਤੱਵਜੋਂ ਦਿੱਤੀ ਜਾਵੇ ਅਤੇ ਯਕੀਨੀ ਬਣਾਇਆ ਜਾਵੇ ਕਿ ਜਮਾਤ ਦੇ ਸਾਰੇ ਵਿਦਿਆਰਥੀ ਚੰਗੇ ਅੰਕਾਂ ਨਾਲ ਪਾਸ ਹੋਣ।
ਇਸੇ ਤਰਾਂ ਕੈਬਨਿਟ ਮੰਤਰ ਨੇ ਸੰਸਥਾਨ ਦੇ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਕਿ ਉਹ ਸਮੇਂ ਦੀ ਜਰੂਰਤ ਅਨੁਸਾਰ ਨਵੇਂ ਕੋਰਸ ਸ਼ੁਰੂ ਕਰਨ ਦੀਆਂ ਸੰਭਾਵਨਾਵਾਂ ਤਲਾਸਨ ਤਾਂ ਜੋ ਇਹ ਕੋਰਸ ਕਰਕੇ ਨੌਜਵਾਨਾਂ ਨੂੰ ਛੇਤੀ ਅਤੇ ਚੰਗੀ ਨੌਕਰੀ ਮਿਲੇ। ਉਨਾਂ ਨੇ ਕਿਹਾ ਕਿ ਇਸ ਤੋਂ ਬਿਨਾਂ ਹੋਰ ਵਿਦੇਸ਼ੀ ਯੁਨੀਵਰਿਸਟੀਆਂ ਨਾਲ ਵੀ ਤਾਲਮੇਲ ਕੀਤਾ ਜਾਵੇ। ਉਨਾਂ ਨੇ ਕਿਹਾ ਕਿ ਹਰ ਇਕ ਦੀ ਕਾਰਗੁਜਾਰੀ ਦਾ ਨਿੱਜੀ ਮੁੰਲਾਕਣ ਹੋਵੇਗਾ। ਸ: ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮਿਮਿਟ ਕੋਲ ਬਹੁਤ ਉੱਤਮ ਬੁਨਿਆਦੀ ਢਾਂਚਾ ਅਤੇ ਸਭ ਤੋਂ ਚੰਗੇ ਅਧਿਆਪਕ ਹਨ ਅਤੇ ਇਸਦਾ ਸਾਡੇ ਵਿਦਿਆਰਥੀਆਂ ਨੂੰ ਪੂਰਾ ਲਾਭ ਮਿਲਣਾ ਚਾਹੀਦਾ ਹੈ। ਇਸ ਮੌਕੇ ਉਨਾਂ ਨੇ ਵੱਖ ਵੱਖ ਫੈਕਲਟੀ ਦੇ ਅਧਿਆਪਕਾਂ ਨਾਲ ਬੈਠਕ ਕਰਕੇ ਉਨਾਂ ਦੇ ਵਿਚਾਰ ਲਏ। ਉਨਾਂ ਨੇ ਪ੍ਰਬੰਧਨ ਨੂੰ ਹਦਾਇਤ ਕੀਤੀ ਕਿ ਸੰਸਥਾਨ ਦੇ ਕੰਮਕਾਜ ਵਿਚ ਹੋਰ ਨਵੀਨਤਾ ਲਿਆਂਦੀ ਜਾਵੇ। ਇਸ ਮੌਕੇ ਐਸ.ਡੀ.ਐਮ. ਸ: ਗੋਪਾਲ ਸਿੰਘ, ਡੀਐਸਪੀ ਸ: ਐਮ.ਐਸ.ਔਲਖ, ਤਕਨੀਕੀ ਯੁਨੀਵਰਸਿਟੀ ਦੇ ਵਾਇਸ ਚਾਂਸਲਰ ਡਾ: ਮੋਹਨ ਪਾਲ ਸਿੰਘ ਈਸ਼ਰ, ਡਾਇਰੈਕਟਰ ਡਾ: ਸੰਜੀਵ ਸ਼ਰਮਾ, ਸ: ਅਮਨਪ੍ਰੀਤ ਸਿੰਘ ਭੱਟੀ, ਹਰਚਰਨ ਸਿੰਘ ਬਰਾੜ, ਮਾਸਟਰ ਜਸਪਾਲ ਸਿੰਘ, ਸਰਬਜੀਤ ਸਿੰਘ ਕਾਕਾ ਬਰਾੜ, ਨੱਥੂ ਰਾਮ ਗਾਂਧੀ ਆਦਿ ਵੀ ਹਾਜਰ ਸਨ।