108 ਐਾਬੂਲੈਂਸ ਕਰਮਚਾਰੀ ਦੋ ਮਹੀਨੇ ਤੋਂ ਨਹੀਂ ਮਿਲ ਰਹੀਆਂ ਤਨਖ਼ਾਹਾਂ
ਮਲੋਟ:- 108 ਐਾਬੂਲੈਂਸ ਇੰਪਲਾਈਜ਼ ਯੂਨੀਅਨ ਦੇ ਪ੍ਰੈੱਸ ਸਕੱਤਰ ਮਨਪ੍ਰੀਤ ਸਿੰਘ ਨਿੱਜਰ ਕਿਹਾ ਕਿ ਪੰਜਾਬ ਸਰਕਾਰ ਵਲੋਂ ਦਿਨ ਰਾਤ ਸੇਵਾਵਾਂ ਦੇ ਰਹੇ 108 ਐਾਬੂਲੈਂਸ ਕਰਮਚਾਰੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਕਰਮਚਾਰੀਆਂ ਨੂੰ ਮਿਹਨਤ ਅਤੇ 24 ਘੰਟੇ ਸੇਵਾਵਾਂ ਨਿਭਾਉਣ ਬਦਲੇ ਤਨਖ਼ਾਹਾਂ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ।ਕਰਮਚਾਰੀ ਦੋ ਮਹੀਨੇ ਤੋਂ ਤਨਖ਼ਾਹਾਂ ਨੂੰ ਤਰਸ ਰਹੇ ਹਨ, ਜਿਸ ਕਾਰਨ ਕਰਮਚਾਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਆਦਾਤਰ 108 ਐਾਬੂਲੈਂਸਾਂ 'ਤੇ ਤਾਇਨਾਤ ਕਰਮਚਾਰੀ ਆਪਣੇ ਘਰਾਂ ਤੋਂ 150 ਤੋਂ 200 ਕਿੱਲੋਮੀਟਰ ਤੱਕ ਦੂਰੀ 'ਤੇ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਉਨ੍ਹਾਂ ਕੋਲ ਘਰ ਆਉਣ ਜਾਣ ਦੇ ਕਿਰਾਏ ਲਈ, ਰੋਟੀ ਖਾਣ ਲਈ ਘਰ ਦੇ ਖ਼ਰਚੇ ਅਤੇ ਬੱਚਿਆਂ ਦੀ ਪੜ੍ਹਾਈ ਆਦਿ ਫ਼ੀਸਾਂ ਲਈ ਵੀ ਪੈਸੇ ਨਹੀਂ ਹਨ।ਪਹਿਲਾਂ ਹੀ ਨਿਗੂਣੀਆਂ ਤਨਖ਼ਾਹਾਂ ਦੇ ਚੱਲਦਿਆਂ ਗੁਜ਼ਾਰਾਂ ਮੁਸ਼ਕਿਲ ਨਾਲ ਹੁੰਦਾ ਹੈ, ਪਰ ਹੁਣ ਸਰਕਾਰ ਵਲੋਂ ਪਿਛਲੇ ਦੋ ਮਹੀਨਿਆਂ ਤੋਂ ਤਨਖ਼ਾਹਾਂ ਨੂੰ ਤਰਸ ਰਹੇ ਹਨ । ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਸੂਬਾ ਪੱਧਰੀ ਆਗੂ ਪ੍ਰਾਜੈਕਟ ਅਫ਼ਸਰ ਨਾਲ ਮਿਲ ਕੇ ਤਨਖ਼ਾਹਾਂ ਸਮੇਂ ਸਿਰ ਦੇਣ ਦੀ ਮੰਗ ਕਰ ਚੁੱਕੇ ਹਨ ਪਰ ਪੋ੍ਰਜੈਕਟ ਮੁਖੀ ਸਰਕਾਰ ਤੋਂ ਤਨਖ਼ਾਹਾਂ ਦਾ ਚੈੱਕ ਨਾ ਆਉਣ ਦਾ ਹਵਾਲਾ ਦੇ ਕੇ ਆਪਣਾ ਪੱਲਾ ਛੁਡਾ ਰਹੇ ਹਨ। 108 ਐਾਬੂਲੈਂਸ ਇੰਪਲਾਈਜ਼ ਯੂਨੀਅਨ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਤਨਖ਼ਾਹਾਂ ਜਲਦ ਨਾ ਪਾਈਆਂ, ਤਾਂ ਉਹ ਪੰਜਾਬ ਪੱਧਰ 'ਤੇ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ ।