ਕੇਂਦਰ ਸਰਕਾਰ ਦੀਆਂ ਨੀਤੀਆਂ ਖਿਲਾਫ਼ ਬਲਾਕ ਕਾਂਗਰਸ ਕਮੇਟੀ ਵਲੋਂ ਡੀ. ਸੀ. ਦਫ਼ਤਰ ਅੱਗੇ ਧਰਨਾ
ਸ੍ਰੀ ਮੁਕਤਸਰ ਸਾਹਿਬ:- ਕੇਂਦਰ ਸਰਕਾਰ ਦੀਆਂ ਨੀਤੀਆਂ ਖਿਲਾਫ਼ ਬਲਾਕ ਕਾਂਗਰਸ ਕਮੇਟੀ ਸ੍ਰੀ ਮੁਕਤਸਰ ਸਾਹਿਬ ਵਲੋਂ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕਾ ਬੀਬੀ ਕਰਨ ਕੌਰ ਬਰਾੜ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ । ਜਿਸ ਵਿਚ ਕੇਂਦਰ ਸਰਕਾਰ ਦੀਆਂ ਨੀਤੀਆਂ ਦੀ ਸਖਤ ਅਲੋਚਨਾ ਕਰਦਿਆਂ ਨਾਅਰੇਬਾਜੀ ਕੀਤੀ ਅਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ । ਇਸ ਧਰਨੇ ਨੂੰ ਸੰਬੋਧਨ ਕਰਦਿਆਂ ਬੀਬੀ ਕਰਨ ਕੌਰ ਬਰਾੜ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਦੇਸ਼ ਵਿਚ ਮੰਦੀ ਦਾ ਰੁਝਾਨ ਹੈ ਅਤੇ ਸਾਰੇ ਕਾਰੋਬਾਰ ਠੱਪ ਹੋਏ ਪਏ ਹਨ, ਮਹਿੰਗਾਈ ਅਸਮਾਨ ਨੂੰ ਛੂਹ ਰਹੀ ਹੈ, ਦੇਸ਼ ਦੇ ਪ੍ਰਧਾਨ ਮੰਤਰੀ ਵਿਦੇਸ਼ੀ ਦੌਰਿਆਂ ਵਿਚ ਮਸ਼ਰੂਫ਼ ਹਨ, ਲੋਕ ਪ੍ਰੇਸ਼ਾਨੀ ਦੇ ਆਲਮ ਵਿਚੋਂ ਗੁਜ਼ਰ ਰਹੇ ਹਨ । ਉਨ੍ਹਾਂ ਕਿਹਾ ਕਿ ਨੋਟਬੰਦੀ ਅਤੇ ਜੀ.ਐੱਸ.ਟੀ. ਵਰਗੇ ਕਾਹਲੀ ਵਿਚ ਕੀਤੇ ਗਏ ਫੈਸਲਿਆਂ ਨੇ ਹਰ ਵਰਗ ਨੂੰ ਪ੍ਰਭਾਵਿਤ ਕੀਤਾ ਹੈ , ਉਨ੍ਹਾਂ ਕਿਹਾ ਕਿ ਡੀਜ਼ਲ ਅਤੇ ਪੈਟਰੋਲ ਦੇ ਭਾਅ ਵੀ ਅਸਮਾਨੀ ਚੜ੍ਹੇ ਹੋਏ ਹਨ । ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਨੇ ਆਪਣੇ ਭਾਸ਼ਣਾਂ ਰਾਹੀਂ ਲੋਕਾਂ ਨੂੰ ਗੁੰਮਰਾਹ ਕੀਤਾ, ਕਾਲਾ ਧਨ ਵਾਪਸ ਲਿਆਉਣ ਦੀਆਂ ਗੱਲਾਂ ਕੀਤੀਆਂ ਅਤੇ 15-15 ਲੱਖ ਲੋਕਾਂ ਦੇ ਖਾਤਿਆਂ ਵਿਚ ਪਾਉਣ ਦੇ ਵਾਅਦੇ ਕੀਤੇ, ਪਰ ਇਹ ਸਭ ਕੁਝ ਝੂਠ ਦਾ ਪੁਲੰਦਾ ਨਿਕਲਿਆ ।ਇਸ ਧਰਨੇ ਨੂੰ ਜ਼ਿਲ੍ਹਾ ਕਾਂਗਰਸ ਪ੍ਰਧਾਨ ਹਰਚਰਨ ਸਿੰਘ ਬਰਾੜ, ਸਾਬਕਾ ਪ੍ਰਧਾਨ ਗੁਰਸੰਤ ਸਿੰਘ ਬਰਾੜ, ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਜਗਜੀਤ ਸਿੰਘ ਹਨੀ ਫ਼ੱਤਣਵਾਲਾ, ਗੁਰਬੀਰ ਸਿੰਘ ਬਰਾੜ, ਐਡਵੋਕੇਟ ਮਨਜੀਤ ਸਿੰਘ ਥਾਂਦੇਵਾਲਾ, ਬਲਾਕ ਕਾਂਗਰਸ ਪ੍ਰਧਾਨ ਭਿੰਦਰ ਸ਼ਰਮਾ, ਵਪਾਰ ਸੈੱਲ ਦੇ ਜ਼ਿਲ੍ਹਾ ਚੇਅਰਮੈਨ ਦਰਸ਼ਨ ਗਰੋਵਰ ਆਦਿ ਨੇ ਸੰਬੋਧਨ ਕੀਤਾ ।