ਸੇਲ ਟੈਕਸ ਵਿਭਾਗ ਵੱਲੋਂ ਮਲੋਟ ਵਿਖੇ ਕੀਤੀ ਗਈ ਨਾਕਾਬੰਦੀ

ਮਲੋਟ:- ਸੇਲ ਟੈਕਸ ਵਿਭਾਗ ਦੇ ਈ.ਟੀ.ਓ ਵੇਦ ਪ੍ਰਕਾਸ਼ ਜਾਖੜ , ਇੰਸਪੈਕਟਰ ਰਿਖੀ ਰਾਮ , ਇੰਸਪੈਕਟਰ ਮਨੀਸ਼ ਕਥੂਰੀਆ ਅਤੇ ਸਟਾਫ਼ ਦੇ ਹੋਰ ਕਰਮਚਾਰੀਆਂ ਵੱਲੋਂ ਮਲੋਟ ਵਿਖੇ ਕੱਲ੍ਹ ਨਾਕਾਬੰਦੀ ਕੀਤੀ ਗਈ, ਇਸ ਦੌਰਾਨ ਦਿੱਲੀ ਤੋਂ ਆਈਆਂ ਦੋ ਸਲੀਪਰ ਬੱਸਾਂ ਨੂੰ ਰੋਕਿਆ ਤਾਂ ਇਸ ਵਿਚੋਂ ਸ਼ੱਕ ਦੇ ਆਧਾਰ ' ਤੇ 90 ਨਗ ਜ਼ਬਤ ਕੀਤੇ ਗਏ ਅਤੇ ਇਨ੍ਹਾਂ ਨਗਾਂ ਦੇ ਮਾਲ ਦੇ ਬਿੱਲਾਂ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਈ.ਟੀ.ਓ.ਵੇਦ ਪ੍ਰਕਾਸ਼ ਜਾਖੜ ਨੇ ਦੱਸਿਆ ਕਿ ਕੁਝ ਵਿਅਕਤੀਆਂ ਵੱਲੋਂ ਦਿੱਲੀ ਤੋਂ ਬੱਸਾਂ ਰਾਹੀਂ ਬਿਨਾਂ ਬਿੱਲ ਮਾਲ ਮੰਗਵਾਇਆ ਜਾ ਰਿਹਾ ਹੈ । ਇਸ ਨੂੰ ਲੈ ਕੇ ਕਾਰਵਾਈ ਕਰਦੇ ਹੋਏ ਮਹਿਕਮੇ ਵਲੋਂ ਦਿੱਲੀ ਤੋਂ ਆਈਆਂ ਲਗਜ਼ਰੀ ਬੱਸਾਂ ਰਾਹੀਂ ਆਏ ਮਾਲ ਸਬੰਧੀ ਬਿੱਲਾਂ ਦੀ ਮੰਗ ਕੀਤੀ ਗਈ ਤਾਂ ਇਸ ਦੌਰਾਨ ਬਿੱਲ ਪੇਸ਼ ਨਹੀਂ ਕੀਤੇ ਗਏ , ਜਿਸ ਤੋਂ ਬਾਅਦ ਸ਼ੱਕ ਦੇ ਆਧਾਰ ' ਤੇ 90 ਦੇ ਕਰੀਬ ਵੱਖ - ਵੱਖ ਵਸਤੂਆਂ ਦੇ ਨਗ ਜ਼ਬਤ ਕੀਤੇ ਗਏ ਹਨ ਅਤੇ ਇਸ ਸਮਾਨ ਦੇ ਬਿੱਲਾਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਜਾਂ ਫ਼ਰਮ ਦੇ ਬਿੱਲ ਘੱਟ ਜਾਂ ਸਮਾਨ ਬਿਨਾਂ ਬਿੱਲ ਤੋਂ ਪਾਇਆ ਗਿਆ ਤਾਂ ਉਕਤ ਨਿਖ਼ਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਮੌਕੇ ਵੇਦ ਪ੍ਰਕਾਸ਼ ਜਾਖੜ ਨੇ ਕਿਹਾ ਕਿ ਉਨ੍ਹਾਂ ਨੇ ਅੱਜ ਹੀ ਅਹੁਦਾ ਸੰਭਾਲਿਆ ਹੈ ਅਤੇ 40 ਲੱਖ ਦੇ ਮਾਲ ' ਤੇ ਟੈਕਸ ਨਹੀਂ ਹੈ , ਇਸ ਲਈ ਉਨ੍ਹਾਂ ਨੇ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਮਾਲ ਟੈਕਸ ਭਰ ਕੇ ਪੱਕੇ ਬਿੱਲ ' ਤੇ ਹੀ ਲੈ ਕੇ ਆਉਣ ਨਹੀਂ ਤਾਂ ਟੈਕਸ ਚੋਰੀ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਵੇਗੀ ।