ਕਾਂਗਰਸੀਆਂ ਦੇ ਮੈਦਾਨੋ ਭੱਜਣ ਕਾਰਨ ਬਲਾਕ ਸੰਮਤੀ ਚੇਅਰਮੈਨੀ ਚੋਣ ਲਟਕੀ

ਮਲੋਟ (ਹੈਪੀ) : ਬੀ.ਡੀ.ਓ ਮਲੋਟ ਦਫਤਰ ਵਿਖੇ ਜੋਨ ਦੀ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਲਈ ਚੇਅਰਮੈਨ ਦੀ ਚੋਣ ਕਰਨ ਲਈ ਇਕ ਵਿਸ਼ੇਸ਼ ਮੀਟਿੰਗ ਰੱਖੀ ਗਈ ਸੀ ਪਰ ਇਸ ਮੌਕੇ ਕਾਂਗਰਸੀ ਉਮੀਦਵਾਰਾਂ ਵੱਲੋਂ ਹਿੱਸਾ ਨਾ ਲੈਣ ਕਾਰਨ ਚੋਣ ਲਟਕ ਗਈ । ਬੀਡੀਉ ਜਸਵੰਤ ਸਿੰਘ ਨੇ ਦੱਸਿਆ ਕਿ ਅੱਜ ਦੀ ਚੋਣ ਵਿਚ ਕੁੱਲ 23 ਉਮੀਦਵਾਰਾਂ ਨੇ ਹਿੱਸਾ ਲੈਣਾ ਸੀ ਅਤੇ ਚੋਣ ਕਰਵਾਉਣ ਲਈ ਘੱਟੋ ਘੱਟ ਦੋ ਤਿਹਾਈ ਉਮੀਦਵਾਰ ਹਾਜਰ ਹੋਣੇ ਚਾਹੀਦੇ ਸਨ ਜੋ ਕਿ ਹਾਜਰ ਨਾ ਹੋਣ ਕਾਰਨ ਚੋਣ ਮੁਲਤਵੀ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਨਵੀਂ ਤਰੀਕ ਦਾ ਐਲਾਨ ਕੀਤਾ ਜਾਵੇਗਾ । ਉਧਰ ਚੋਣ ਮੁਲਤਵੀ ਹੋਣ ਉਪਰੰਤ ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਸਾਬਕਾ ਵਿਧਾਇਕ ਮਲੋਟ ਹਰਪ੍ਰੀਤ ਸਿੰਘ ਅਤੇ ਜਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ ਨੇ ਕਿਹਾ ਕਿ ਇਸ ਜੋਨ ਦੇ 23 ਵਿਚੋਂ 14 ਉਮੀਦਵਾਰ ਅਕਾਲੀ ਦਲ ਦੇ ਹਨ ਅਤੇ ਬਹੁਮਤ ਹੋਣ ਨਾਤੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਅਕਾਲੀ ਦਲ ਦੇ ਬਣਨੇ ਹਨ ਪਰ ਕਾਂਗਰਸੀ ਉਮੀਦਵਾਰਾਂ ਨੇ ਇਸੇ ਡਰ ਕਰਕੇ ਮੈਦਾਨ ਛੱਡ ਦਿੱਤਾ ਅਤੇ ਚੋਣ ਵਿਚ ਹੀ ਨਹੀ ਆਏ ਜੋ ਕਿ ਸਿੱਧਾ ਲੋਕਤੰਤਰ ਦਾ ਘਾਣ ਹੈ । ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਮੈਂਬਰਾਂ ਨੂੰ ਚਾਹੀਦਾ ਹੈ ਕਿ ਲੋਕ ਫਤਵੇ ਨੂੰ ਸਵੀਕਾਰ ਕਰਨ ਅਤੇ ਲੋਕਤੰਤਰ ਦੀ ਪ੍ਰਕੀਰਿਆ ਵਿਚ ਹਿੱਸਾ ਲੈ ਕੇ ਇਸ ਫਤਵੇ ਦਾ ਸਨਮਾਨ ਕਰਨ ਨਾ ਕਿ ਮੈਦਾਨ ਛੱਡ ਕੇ ਭੱਜ ਜਾਣ । ਉਹਨਾਂ ਕਿਹਾ ਕਿ ਹੁਣ ਤੱਕ ਵੀ ਇਸੇ ਕਰਕੇ ਹੀ ਇਹ ਚੋਣ ਜਾਣ ਬੁੱਝ ਕੇ ਲਟਕਾਈ ਜਾ ਰਹੀ ਸੀ ਪਰ ਸਮੂਹ ਅਕਾਲੀ ਮੈਂਬਰ ਚਟਾਨ ਵਾਂਗ ਪਾਰਟੀ ਨਾਲ ਖੜੇ ਹਨ ਅਤੇ ਜਦ ਵੀ ਚੋਣ ਹੋਈ ਬਹੁਮਤ ਅਨੁਸਾਰ ਅਕਾਲੀ ਉਮੀਦਵਾਰ ਹੀ ਅਹੁਦੇਦਾਰ ਹੋਣਗੇ । ਇਸ ਮੌਕੇ ਨਿੱਪੀ ਔਲਖ, ਕੁਲਬੀਰ ਸਿੰਘ ਕੋਟਭਾਈ ਆਦਿ ਸਮੇਤ ਵੱਡੀ ਗਿਣਤੀ ਅਕਾਲੀ ਵਰਕਰ ਹਾਜਰ ਸਨ ।