ਪੀਵੀ ਸਿੰਧੂ ਬਣੀ ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਜਿੱਤਣ ਵਾਲੀ ਪਹਿਲੀ ਭਾਰਤੀ
ਭਾਰਤ ਦੀ ਓਲੰਪਿਕ ਚਾਂਦੀ ਦਾ ਤਗਮਾ ਜੇਤੂ ਪੀਵੀ ਸਿੰਧੂ ਨੇ ਬੀਡਬਲਯੂਐਫ ਵਰਲਡ ਚੈਂਪੀਅਨਸ਼ਿਪ-2019 ਦੇ ਫਾਈਨਲ ਮੈਚ ਵਿੱਚ ਜਾਪਾਨ ਦੀ ਨੋਜੋਮੀ ਓਕੁਹਾਰਾ ਨੂੰ ਹਰਾ ਕੇ ਸੋਨੇ ਦਾ ਤਗਮਾ ਜਿੱਤਿਆ । ਦਰਅਸਲ, ਪੀਵੀ ਸਿੰਧੂ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਹੈ । ਇਹ ਮੈਚ ਸਵਿਟਜ਼ਰਲੈਂਡ ਦੇ ਬਾਸੇਲ ਵਿੱਚ ਖੇਡਿਆ ਗਿਆ ਸੀ । ਇਸ ਮੁਕਾਬਲੇ ਵਿੱਚ ਸਿੰਧੂ ਨੇ 38 ਮਿੰਟਾਂ ਵਿੱਚ 21-7, 21-7 ਨਾਲ ਹਰਾ ਕੇ ਆਪਣੇ ਨਾਮ ਕਰ ਲਿਆ । ਜ਼ਿਕਰਯੋਗ ਹੈ ਕਿ ਇਸ ਜਿੱਤ ਨਾਲ ਸਿੰਧੂ ਨੇ ਓਕੁਹਾਰਾ ਖਿਲਾਫ਼ ਕਰੀਅਰ ਦਾ ਰਿਕਾਰਡ 9-7 ਕਰ ਲਿਆ ਹੈ । ਸਿੰਧੂ ਨੇ ਪਹਿਲੇ ਮੈਚ ਵਿੱਚ ਚੰਗੀ ਸ਼ੁਰੂਆਤ ਕੀਤੀ ਅਤੇ 5-1 ਦੀ ਬੜ੍ਹਤ ਬਣਾ ਲਈ । ਇਸ ਮੈਚ ਵਿੱਚ 16-2 ਦੀ ਬੜ੍ਹਤ ਨਾਲ ਪਹਿਲਾ ਮੈਚ 21-7 ਨਾਲ ਜਿੱਤ ਲਿਆ । ਦੱਸ ਦੇਈਏ ਕਿ ਸਿੰਧੂ ਨੇ ਪਹਿਲਾ ਮੈਚ 16 ਮਿੰਟਾਂ ਵਿੱਚ ਜਿੱਤ ਲਿਆ । ਦੂਜੀ ਗੇਮ ਵਿੱਚ ਸਿੰਧੂ ਨੇ 2-0 ਦੀ ਬੜ੍ਹਤ ਨਾਲ ਸ਼ੁਰੂਆਤ ਕੀਤੀ ਤੇ ਅਗਲੇ ਕੁਝ ਮਿੰਟਾਂ ਵਿੱਚ ਹੀ ਉਸਨੇ 8-2 ਦੀ ਲੀਡ ਲੈ ਲਈ । ਪੀਵੀ ਸਿੰਧੂ ਦੀ ਇਸ ਜਿੱਤ ‘ਤੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਵੀ ਵਧਾਈ ਦਿੱਤੀ ਗਈ । ਉਨ੍ਹਾਂ ਨੇ ਟਵੀਟ ਕਰਦੇ ਹੋਏ ਕਿਹਾ ਕਿ ਇੱਕ ਵਾਰ ਫਿਰ ਤੋਂ ਪੀਵੀ ਸਿੰਧੂ ਨੇ ਭਾਰਤ ਨੂੰ ਮਾਣ ਮਹਿਸੂਸ ਕਰਵਾਇਆ ਹੈ ।