ਕਾਰ ਦੀ ਲਪੇਟ 'ਚ ਆਉਣ ਨਾਲ ਇੱਕ ਦੀ ਮੌਤ, ਇੱਕ ਜ਼ਖ਼ਮੀ
ਮਲੋਟ, 9 ਅਕਤੂਬਰ (ਗੁਰਮੀਤ ਸਿੰਘ ਮੱਕੜ)- ਬੀਤੀ ਰਾਤ ਕਾਰ ਦੀ ਲਪੇਟ ਵਿਚ ਆਉਣ ਕਾਰਨ ਇਕ ਮੋਟਰਸਾਈਕਲ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇੱਕ ਜ਼ਖ਼ਮੀ ਹੋ ਗਿਆ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਜੀਵ ਕੁਮਾਰ, ਵਾਸੀ ਲੰਬੀ ਨੇ ਦੱਸਿਆ ਕਿ ਰਾਤ ਕਰੀਬ 8:45 ਵਜੇ ਉਹ ਕੁਲਦੀਪ ਸਿੰਘ ਵਾਸੀ ਲੰਬੀ ਨਾਲ ਮੋਟਰਸਾਈਕਲ ਰਾਹੀਂ ਆਪਣੇ ਘਰ ਨੂੰ ਵਾਪਿਸ ਜਾ ਰਹੇ ਸਨ, ਜਦ ਉਹ ਥਾਣੇ ਤੋਂ ਕੁੱਝ ਅੱਗੇ ਪਹੁੰਚੇ ਤਾਂ ਇਕ ਕਾਰ ਚਾਲਕ ਨੇ ਬਹੁਤ ਹੀ ਲਾਪਰਵਾਹੀ ਦੇ ਨਾਲ ਉਨ੍ਹਾਂ ਦੇ ਮੋਟਰਸਾਈਕਲ ਨੂੰ ਸਾਈਡ ਮਾਰ ਦਿੱਤੀ। ਕਾਰ ਦੀ ਟੱਕਰ ਕਾਰਨ ਰਾਜੀਵ ਕੁਮਾਰ ਸੜਕ ਦੇ ਇਕ ਕਿਨਾਰੇ 'ਤੇ ਡਿੱਗ ਗਿਆ, ਜਦਕਿ ਕੁਲਦੀਪ ਸਿੰਘ ਮੋਟਰਸਾਈਕਲ ਸਮੇਤ ਸੜਕ ਦੇ ਦੂਜੇ ਪਾਸੇ ਜਾ ਡਿੱਗਿਆ। ਇਸ ਤੋਂ ਪਹਿਲਾਂ ਕਿ ਕੁਲਦੀਪ ਸਿੰਘ ਆਪਣੇ-ਆਪ ਨੂੰ ਸੰਭਾਲਦਾ ਸੜਕ 'ਤੇ ਆ ਰਹੀ ਇਕ ਹੋਰ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਉਸ ਦੇ ਕਾਫ਼ੀ ਸੱਟਾਂ ਲੱਗੀਆਂ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਮਾਮਲੇ ਵਿਚ ਪੁਲਿਸ ਨੇ ਕਾਰਵਾਈ ਕਰਦਿਆਂ ਰਾਜੀਵ ਕੁਮਾਰ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।