ਲੰਬੀ ਦੇ ਪਿੰਡ ਫੱਤਾ ਕੇਰਾ ’ਚ ਸਮੌਗ ਤੋਂ ਪ੍ਰੇਸ਼ਾਨ ਹੋਏ ਰਾਜਸਥਾਨ ਦੇ ਭਾਜਪਾ ਵਿਧਾਇਕ ਗੁਰਵੀਰ ਬਰਾੜ, ਕਿਹਾ ਸਾਹ ਲੈਣਾ ਹੋਇਆ ਔਖਾ

ਰਾਜਸਥਾਨ ਦੇ ਸ਼੍ਰੀ ਗੰਗਾਨਗਰ ਜ਼ਿਲ੍ਹੇ ਦੇ ਸਾਦੁਲਸ਼ਹਿਰ ਤੋਂ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਗੁਰਵੀਰ ਸਿੰਘ ਬਰਾੜ ਬੀਤੇ ਐਤਵਾਰ ਨੂੰ ਆਪਣੇ ਨਿੱਜੀ ਦੌਰੇ 'ਤੇ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਆਏ ਸਨ। ਇੱਥੇ ਉਨ੍ਹਾਂ ਨੇ ਸੰਘਣੀ ਧੁੰਦ ਅਤੇ ਪ੍ਰਦੂਸ਼ਣ ਕਾਰਨ ਸਾਹ ਲੈਣ ਵਿੱਚ ਆ ਰਹੀ ਦਿੱਕਤ ਬਾਰੇ ਸ਼ਿਕਾਇਤ ਕੀਤੀ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਰਾਜਸਥਾਨ ਦੇ ਸ਼੍ਰੀ ਗੰਗਾਨਗਰ ਜ਼ਿਲ੍ਹੇ ਦੇ ਸਾਦੁਲਸ਼ਹਿਰ ਤੋਂ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਗੁਰਵੀਰ ਸਿੰਘ ਬਰਾੜ ਬੀਤੇ ਐਤਵਾਰ ਨੂੰ ਆਪਣੇ ਨਿੱਜੀ ਦੌਰੇ 'ਤੇ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਆਏ ਸਨ। ਇੱਥੇ ਉਨ੍ਹਾਂ ਨੇ ਸੰਘਣੀ ਧੁੰਦ ਅਤੇ ਪ੍ਰਦੂਸ਼ਣ ਕਾਰਨ ਸਾਹ ਲੈਣ ਵਿੱਚ ਆ ਰਹੀ ਦਿੱਕਤ ਬਾਰੇ ਸ਼ਿਕਾਇਤ ਕੀਤੀ। ਗੁਰਵੀਰ ਬਰਾੜ ਲੰਬੀ ਵਿਧਾਨ ਸਭਾ ਹਲਕੇ ਦੇ ਪਿੰਡ ਫੱਤਾ ਕੇਰਾ ਗਏ ਸਨ। ਉਨ੍ਹਾਂ ਨੇ 'ਐਕਸ' 'ਤੇ ਪੋਸਟ ਕਰਦਿਆਂ ਲਿਖਿਆ ਕਿ ਦੁਪਹਿਰ ਵੇਲੇ ਵੀ ਫੱਤਾ ਕੇਰਾ, ਲੰਬੀ ਦੇ ਆਲੇ-ਦੁਆਲੇ ਖ਼ਤਰਨਾਕ ਪੱਧਰ ਦੀ ਸਮੌਗ ਦੇਖੀ। ਹਵਾ ਇੰਨੀ ਜ਼ਿਆਦਾ ਪ੍ਰਦੂਸ਼ਿਤ ਸੀ ਕਿ ਸਾਹ ਲੈਣਾ ਵੀ ਔਖਾ ਹੋ ਰਿਹਾ ਸੀ। ਇਹ ਸਿਰਫ਼ ਵਾਤਾਵਰਣ ਦੀ ਚਿੰਤਾ ਤੋਂ ਕਿਤੇ ਵੱਧ ਹੈ। ਇਹ ਲਗਾਤਾਰ ਵੱਧ ਰਹੇ ਜਨਤਕ ਸਿਹਤ ਸੰਕਟ ਨੂੰ ਦਰਸਾਉਂਦਾ ਹੈ।

ਅਜਿਹੇ ਖ਼ਤਰਨਾਕ ਹਾਲਾਤ ਲਈ ਤੁਰੰਤ ਕਦਮ ਚੁੱਕਣ ਦੀ ਲੋੜ ਹੈ ਅਤੇ ਇਸ ਨੂੰ ਰੋਜ਼ਮੱਰਾ ਦੀ ਆਮ ਗੱਲ ਨਹੀਂ ਬਣਨ ਦਿੱਤਾ ਜਾ ਸਕਦਾ। ਆਪਣੇ ਇਸ ਦਾਅਵੇ ਦੀ ਪੁਸ਼ਟੀ ਕਰਨ ਅਤੇ ਹਾਲਾਤ ਨੂੰ ਉਜਾਗਰ ਕਰਨ ਲਈ ਉਨ੍ਹਾਂ ਨੇ ਇੱਕ ਵੀਡੀਓ ਵੀ ਸਾਂਝੀ ਕੀਤੀ। ਜ਼ਿਕਰਯੋਗ ਹੈ ਕਿ ਲੰਬੀ ਵਿਧਾਨ ਸਭਾ ਹਲਕੇ ਦੀ ਹੱਦ ਰਾਜਸਥਾਨ ਅਤੇ ਹਰਿਆਣਾ ਨਾਲ ਲੱਗਦੀ ਹੈ। ਨਵੀਂ ਦਿੱਲੀ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ 14 ਨਵੰਬਰ ਤੱਕ ਖੇਤਾਂ ਵਿੱਚ ਅੱਗ ਲੱਗਣ ਦੀਆਂ 194 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ।

Author : Malout Live