ਝੋਨੇ ਖਰੀਦ ਦੀ ਸੰਪੂਰਨ ਜਾਣਕਾਰੀ ਸਰਕਾਰ ਨੂੰ ਦੇਣ ਲਈ ''ਕੈਪਟਨ ਦੇ ਫੌਜੀ'' ਫਿਰ ਮੈਦਾਨ 'ਚ

ਮਲੋਟ, 5 ਅਕਤੂਬਰ (ਆਰਤੀ ਕਮਲ) : ਕਰੋਨਾ ਮਹਾਂਮਾਰੀ ਫੈਲਣ ਤੋਂ ਅਗਲੇ ਮਹੀਨੇ ਹੀ ਕਣਕ ਦੀ ਫਸਲ ਖਰੀਦਣਾ ਸਰਕਾਰ ਲਈ ਵੱਡੀ ਚਣੌਤੀ ਸੀ ਪਰ ਸਿਵਲ ਪ੍ਰਸ਼ਾਸਨ, ਮੰਡੀ ਬੋਰਡ ਤੇ ਖਰੀਦ ਏਜੰਸੀਆਂ ਨੇ ਬਹੁਤ ਹੀ ਸੰਜੀਦਗੀ ਦਿਖਾਉਂਦਿਆਂ ਇਸ ਚਣੌਤੀ ਭਰਪੂਰ ਖਰੀਦ ਨੂੰ ਬਹੁਤ ਹੀ ਸੁਚਾਰੂ ਢੰਗ ਨਾਲ ਨੇਪਰੇ ਚਾੜਿਆ ਸੀ । ਇਸ ਸਾਰੇ ਕਾਰਜ ਵਿਚ ਸਾਬਕਾ ਫੌਜੀਆਂ ਦੇ ਰੂਪ ਵਿਚ ਤੈਨਾਤ ਜੀ.ਓ.ਜੀ ਨੇ ਵੀ ਬਹੁਤ ਭੂਮਿਕਾ ਨਿਭਾਈ ਜਿਸ ਦੀ ਸ਼ਲਾਘ ਖੁਦ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੁੱਖ ਮੰਤਰੀ ਕੋਲ ਕੀਤੀ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਤਹਿਸੀਲ ਮਲੋਟ ਦੇ ਇੰਚਾਰਜ ਵਰੰਟ ਅਫਸਰ ਹਰਪ੍ਰੀਤ ਸਿੰਘ ਨੇ ਅੱਜ ਮਲੋਟ ਦਾਣਾ ਮੰਡੀ ਵਿਖੇ ਕਰਦਿਆਂ ਪੱਤਰਕਾਰਾਂ ਨੂੰ ਦੱਸਿਆ ਕਿ ਹੁਣ ਝੋਨੇ ਦੀ ਖਰੀਦ ਸ਼ੁਰੂ ਹੋਣ ਦੇ ਨਾਲ ਹੀ ਜੀ.ਓ.ਜੀ ਹੈਡਕਵਾਟਰ ਤੋਂ ਪ੍ਰਾਪਤ ਆਦੇਸ਼ਾਂ ਅਨੁਸਾਰ ਜੀ.ਓ.ਜੀ ਝੋਨੇ ਖਰੀਦ ਸਬੰਧੀ ਜਿਥੇ ਕਿਸਾਨਾਂ ਦੀ ਹਰ ਸਮੱਸਿਆ ਮੁੱਖ ਮੰਤਰੀ ਦਫਤਰ ਨੂੰ ਭੇਜਣਗੇ ਉਥੇ ਨਾਲ ਹੀ ਕਰੋਨਾ ਮਹਾਂਮਾਰੀ ਤੋਂ ਬਚਾਉ ਮਾਸਕ, ਸ਼ੋਸ਼ਲ ਦੂਰ ਤੇ ਹੱਥ ਧੋਣ ਬਾਰੇ ਵੀ ਕਿਸਾਨਾਂ ਤੇ ਮੰਡੀਆਂ ਵਿਚ ਕੰਮ ਕਰਨ ਵਾਲੇ ਮਜਦੂਰਾਂ ਨੂੰ ਲਗਾਤਾਰ ਜਾਗਰੂਕ ਕਰਨਗੇ । ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮਾਣਯੋਗ ਐਸ.ਡੀ.ਐਮ ਸ. ਗੋਪਾਲ ਸਿੰਘ ਦੀ ਯੋਗ ਅਗਵਾਈ ਹੇਠ ਜੀ.ਓ.ਜੀ ਪਹਿਲਾਂ ਹੀ ਹੋਮ ਕਵਾਰਨਟਾਈਨ ਹੋਏ ਕਰੋਨਾ ਪੀੜਤਾਂ ਦੀ ਸਾਰ ਲੈ ਰਹੇ ਹਨ ਅਤੇ ਹੁਣ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਾਰੇ ਵੀ ਲਗਾਤਾਰ ਜਾਗਰੂਕ ਕਰਨਗੇ । ਇਸ ਮੌਕੇ ਜੀ.ਓ.ਜੀ ਟੀਮ ਨੇ ਸੈਕਟਰੀ ਮਾਰਕੀਟ ਕਮੇਟੀ ਮਲੋਟ ਗੁਰਪ੍ਰੀਤ ਸਿੰਘ ਸਿੱਧੂ ਨਾਲ ਮਲੋਟ ਦਾਣਾ ਮੰਡੀ ਦਾ ਦੌਰਾ ਕਰਦਿਆਂ ਖਰੀਦ ਪ੍ਰਬੰਧਾਂ ਦੀ ਜਾਣਕਾਰੀ ਲਈ । ਇਸ ਮੌਕੇ ਸੁਪਰਵਾਈਜਰ ਗੁਰਦੀਪ ਸਿੰਘ, ਕੈਪਟਨ ਹਰਜਿੰਦਰ ਸਿੰਘ, ਕੈਪਟਨ ਰਘੁਬੀਰ ਸਿੰਘ, ਤਰਸੇਮ ਸਿੰਘ ਲੰਬੀ, ਸੂਬੇਦਾਰ ਸੁਖਦੇਵ ਸਿੰਘ ਘੁਮਿਆਰਾ, ਸੂਬੇਦਾਰ ਦੇਵੀ ਲਾਲ ਭੀਟੀਵਾਲਾ, ਦਰਸ਼ਨ ਸਿੰਘ ਕੱਟਿਆਂਵਾਲੀ, ਸੂਬੇਦਾਰ ਸਿਰਤਾਜ ਸਿੰਘ, ਸੂਬੇਦਾਰ ਤਜਿੰਦਰ ਸਿੰਘ ਕਬਰਵਾਲਾ, ਅਮਰੀਕ ਸਿੰਘ ਕਟੋਰੇਵਾਲਾ, ਸੁਰਜੀਤ ਸਿੰਘ ਆਲਮਵਾਲਾ, ਦਰਸ਼ਨ ਸਿੰਘ ਵਣਵਾਲਾ ਅਤੇ ਜਸਕੌਰ ਸਿੰਘ ਲੱਕੜਵਾਲਾ ਆਦਿ ਹਾਜਰ ਸਨ ।