ਤਨਖਾਹਾਂ ਨਾ ਮਿਲਣ ਕਰਕੇ ਮਿਮਿਟ ਦੇ ਕਰਮਚਾਰੀਆਂ ਵੱਲੋਂ ਗੇਟ ਰੈਲੀ ਜਾਰੀ

ਮਲੋਟ:- ਪੰਜਾਬ ਸਰਕਾਰ ਦੁਆਰਾ ਸਥਾਪਿਤ ਇੰਜੀਨੀਅਰਿੰਗ ਕਾਲਜ, ਮਲੋਟ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨਾਲੋਜੀ (ਮਿਮਿਟ) ਮਲੋਟ ਦੇ ਕਰਮਚਾਰੀਆਂ ਨੂੰ ਸਤੰਬਰ 2020 ਤੋਂ ਤਨਖਾਹਾਂ ਨਾ ਮਿਲਣ ਕਰਕੇ ਮਿਮਿਟ ਦੇ ਕਰਮਚਾਰੀ ਮਿਤੀ 26-11-2020 ਤੋਂ ਲਗਾਤਾਰ ਸਵੇਰੇ 10:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਗੇਟ ਰੈਲੀ ਕਰ ਰਹੇ ਹਨ। ਜਿਸ ਵਿੱਚ ਸੰਸਥਾ ਦੇ ਕਰਮਚਾਰੀ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਤਨਖਾਹਾਂ ਨਾ ਮਿਲਣ ਕਰਕੇ ਜ਼ੋਰਦਾਰ ਨਾਅਰੇਬਾਜੀ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਤਿੰਨ ਮਹੀਨੀਆਂ ਤੋ ਮੁਲਾਜਮਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਜਿਸ ਕਰਕੇ ਕਿ ਕਰਮਚਾਰੀਆਂ ਅਤੇ ਉਹਨਾ ਦੇ ਪਰਿਵਾਰ ਮੈਂਬਰਾਂ ਨੂੰ ਕਈ ਤਰਾਂ ਦੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕਰਮਚਾਰੀਆਂ ਵੱਲੋ ਪੰਜਾਬ ਸਰਕਾਰ ਅਤੇ ਕਾਲਜ ਮੈਨੇਜਮੈਂਟ ਤੋਂ ਮੰਗ ਕੀਤੀ ਗਈ ਕਿ ਪਿਛਲੀਆਂ ਰੁਕੀਆਂ ਹੋਈਆਂ ਤਨਖਾਹਾਂ ਜਲਦੀ ਤੋਂ ਜਲਦੀ ਜਾਰੀਆਂ ਕੀਤੀਆਂ ਜਾਣ ਅਤੇ ਅੱਗੇ ਤੋਂ ਤਨਖਾਹਾਂ ਦਾ ਕੋਈ ਸਥਾਈ ਹੱਲ ਕੱਢਿਆ ਜਾਵੇ। ਇਸ ਮੌਕੇ ਮਿਮਿਟ ਇੰਮਪਲਾਈਜ਼ ਵੈਲਫੇਅਰ ਐਸੋਸੀਏਸ਼ਨ ਦੇ ਉਪ ਪ੍ਰਧਾਨ ਸ: ਰਘਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦੂਜੇ ਇੰਜੀਨੀਅਰ ਕਾਲਜ, ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ, ਫਿਰੋਜ਼ਪੁਰ ਅਤੇ ਬੇਅੰਤ ਇੰਜੀਨੀਅਰਿੰਗ ਕਾਲਜ, ਗੁਰਦਾਸਪੁਰ ਦੀਆਂ ਜੱਥੇਬੰਦੀਆਂ ਸਾਡੇ ਸੰਪਰਕ ਵਿਚ ਹਨ ਅਤੇ ਜਲਦੀ ਹੀ ਤਿੰਨੇ ਕਾਲਜਾਂ ਦੀ ਤਾਲਮੇਲ ਸੰਘਰਸ ਕਮੇਟੀ ਦਾ ਗਠਨ ਕਰਕੇ ਇਸ ਸੰਘਰਸ ਨੂੰ ਰਾਜ ਪੱਧਰ ਤੱਕ ਲਿਜਾਇਆ ਜਾਵੇਗਾ। ਇਸ ਤੋਂ ਇਲਾਵਾ ਹੋਰ ਵੀ ਕਈ ਜੱਥੇਬੰਦੀਆਂ ਇਸ ਸੰਘਰਸ ਨੂੰ ਅੱਗੇ ਵਧਾਉਣ ਲਈ ਸਾਡਾ ਸਾਥ ਦੇਣ ਨੂੰ ਤਿਆਰ ਹਨ।