ਅਕਾਲ ਅਕੈਡਮੀ ਕੋਲਿਆਂਵਾਲੀ ਵਿਖੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਇਆ

ਮਲੋਟ (ਆਰਤੀ ਕਮਲ) :ਅਕਾਲ ਅਕੈਡਮੀ ਕੋਲਿਆਂਵਾਲੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਧਾਰਮਿਕ ਸਮਾਗਮ ਪ੍ਰਿੰਸੀਪਲ ਮੈਡਮ ਮਨਿੰਦਰ ਕੌਰ ਦੀ ਅਗਵਾਈ ਵਿਚ ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਆਯੋਜਿਤ ਕੀਤਾ ਗਿਆ । ਇਸ ਮੌਕੇ ਅਕੈਡਮੀ ਦੇ ਬੱਚਿਆਂ ਵੱਲੋਂ ਬੜੇ ਹੀ ਸ਼ਰਧਾ ਨਾਲ ਸ਼ੁਰੂ ਕੀਤੇ 25 ਸ੍ਰੀ ਸਹਿਜ ਪਾਠ ਅਤੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ । ਪ੍ਰੋਗਰਾਮ ਵਿਚ ਜੀ.ਓ.ਜੀ ਤਹਿਸੀਲ ਮਲੋਟ ਦੇ ਇੰਚਾਰਜ ਵਰੰਟ ਅਫਸਰ ਹਰਪ੍ਰੀਤ ਸਿੰਘ ਬਤੌਰ ਮੁੱਖ ਮਹਿਮਾਨ ਵਜੋਂ ਪਹੁੰਚੇ । ਪ੍ਰਿੰਸੀਪਲ ਮੈਡਮ ਮਨਿੰਦਰ ਕੌਰ ਅਤੇ ਹੋਰ ਪ੍ਰਬੰਧਕਾਂ ਵੱਲੋਂ ਫੁੱਲਾਂ ਦੇ ਗੁਲਦਸਤੇ ਨਾਲ ਉਹਨਾਂ ਦਾ ਸਵਾਗਤ ਕੀਤਾ ਗਿਆ । ਪ੍ਰੋਗਰਾਮ ਵਿਚ ਅਕੈਡਮੀ ਦੇ ਬੱਚਿਆਂ ਨੇ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ ਅਤੇ ਗੁਰੂ ਸਾਹਿਬ ਦੇ ਜੀਵਨ ਤੇ ਅਧਾਰਿਤ ਕੋਰੀਓਗ੍ਰਾਫੀ, ਸ਼ਬਦ ਕੀਰਤਨ, ਕਵੀਸ਼ਰੀ, ਨਾਟਕ ਅਤੇ ਧਾਰਮਿਕ ਗੀਤ ਆਦਿ ਪੇਸ਼ ਕੀਤੇ ਗਏ । ਗਤਕੇ ਦੇ ਬੜੇ ਹੀ ਖਤਰਨਾਕ ਜੌਹਰ ਦਿਖਾਉਂਦਿਆਂ ਬਹੁਤ ਹੀ ਛੋਟੀ ਉਮਰ ਦੇ ਬੱਚਿਆਂ ਨੇ ਹਾਜਰੀਨ ਨੂੰ ਮੰਤਰ ਮੁੱਗਧ ਕਰ ਦਿੱਤਾ । ਮੁੱਖ ਮਹਿਮਾਨ ਵਰੰਟ ਅਫਸਰ ਹਰਪ੍ਰੀਤ ਸਿੰਘ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਆਮ ਵਿਦਿਅਕ ਸੰਸਥਾਵਾਂ ਬੱਚਿਆਂ ਨੂੰ ਵਿਸ਼ਿਆਂ ਬਾਰੇ ਗਿਆਨ ਦਿੰਦੀਆਂ ਹਨ ਪਰ ਇਸ ਤਰਾਂ ਦੀਆਂ ਅਕੈਡਮੀਆਂ ਨਾਲ ਧਾਰਮਿਕ ਵਿਦਿਆ ਵੀ ਦਿੰਦੀਆਂ ਹਨ । ਉਹਨਾਂ ਕਿਹਾ ਕਿ ਧਰਮ ਇਨਸਾਨ ਨੂੰ ਜਿੰਦਗੀ ਜਿਉਣ ਦਾ ਢੰਗ ਅਤੇ ਜਿੰਦਗੀ ਦਾ ਮਨੋਰਥ ਸਮਝਾਉਂਦਾ ਹੈ ਜਿਸ ਵਿਚ ਇਹ ਅਕੈਡਮੀ ਵਧੀਆ ਰੋਲ ਨਿਭਾ ਰਹੀ ਹੈ । ਉਹਨਾਂ ਸਮੂਹ ਸਟਾਫ ਤੇ ਬੱਚਿਆਂ ਨੂੰ 550ਵੇਂ ਪ੍ਰਕਾਸ਼ ਪੁਰਬ ਤੇ ਇਕ ਸਫਲ ਪ੍ਰੋਗਾਰਮ ਆਯੋਜਨ ਕਰਨ ਦੀ ਵਧਾਈ ਦਿੱਤੀ । ਇਸ ਮੌਕੇ ਮੁੱਖ ਮਹਿਮਾਨ ਤੋਂ ਇਲਾਵਾ ਸਮਾਜਸੇਵੀ ਜਥੇਬੰਦੀਆਂ ਦੇ ਕੋਆਰਡੀਨੇਟਰ ਡ੍ਰਾ. ਸੁਖਦੇਵ ਸਿੰਘ ਗਿੱਲ, ਸੂਬੇਦਾਰ ਮੇਜਰ ਕਾਬਲ ਸਿੰਘ, ਸੁਪਰਵਾਈਜਰ ਗੁਰਦੀਪ ਸਿੰਘ, ਨਵਜੋਤ ਸਿੰਘ, ਅਮਰਜੀਤ ਸਿੰਘ ਰੰਗਪੁਰੀ, ਹਰਚਰਨ ਸਿੰਘ ਰੰਗਪੁਰੀ, ਫਤਹਿ ਸਿੰਘ, ਬੀਬੀ ਨਿਰਮਲ ਕੌਰ ਗਿੱਲ ਅਤੇ ਹੋਰ ਪਤਵੰਤਿਆਂ ਸਮੇਤ ਵੱਡੀ ਗਿਣਤੀ ਬੱਚਿਆਂ ਦੇ ਮਾਪੇ ਹਾਜਰ ਸਨ ।