ਰਾਜਘਾਟ ‘ਚ ਟਰੰਪ-ਮੇਲਾਨੀਆ ਨੇ ਮਹਾਤਮਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ, ਬਾਪੂ ਗਾਂਧੀ ਦੀ ਯਾਦ ‘ਚ ਬੂਟਾ ਵੀ ਲਾਇਆ

ਨਵੀਂ ਦਿੱਲੀ:- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੌਰੇ ਦਾ ਅੱਜ ਦੂਜਾ ਦਿਨ ਹੈ। ਟਰੰਪ ਅਤੇ ਉਨ੍ਹਾਂ ਦੇ ਪਰਿਵਾਰ ਦਾ ਅਹਿਮਦਾਬਾਦ ‘ਚ ਸਵਾਗਤ ਤੋਂ ਬਾਅਦ ਅੱਜ ਉਹਨਾਂ ਦਾ ਰਾਸ਼ਟਰਪਤੀ ਭਵਨ ‘ਚ ਰਸਮੀ ਸਵਾਗਤ ਕੀਤਾ ਗਿਆ। ਉਨ੍ਹਾਂ ਨੂੰ ‘ਗਾਰਡ ਆਫ ਆਨਰ’ ਦਿੱਤਾ ਗਿਆ। ਰਾਸ਼ਟਰਪਤੀ ਭਵਨ ਤੋਂ ਬਾਅਦ ਟਰੰਪ ਅਤੇ ਮੇਲਾਨੀਆ ਰਾਜਘਾਟ ਪਹੁੰਚੇ ਹਨ, ਜਿੱਥੇ ਉਨ੍ਹਾਂ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ। ਰਾਜਘਾਟ ‘ਚ ਟਰੰਪ ਨੇ ਵਿਜ਼ੀਟਰ ਬੁੱਕ ‘ਚ ਸੰਦੇਸ਼ ਵੀ ਲਿਖਿਆ। ਇਸ ਤੋਂ ਇਲਾਵਾ ਟਰੰਪ ਅਤੇ ਮੇਲਾਨੀਆ ਨੇ ਰਾਜਘਾਟ ‘ਚ ਬਾਪੂ ਗਾਂਧੀ ਦੀ ਯਾਦ ‘ਚ ਇਕ ਬੂਟਾ ਵੀ ਲਾਇਆ। ਰਾਜਘਾਟ ਤੋਂ ਬਾਅਦ ਟਰੰਪ ਹੈਦਰਾਬਾਦ ਹਾਊਸ ਜਾਣਗੇ, ਜਿੱਥੇ ਮੋਦੀ ਅਤੇ ਟਰੰਪ ਦੋ-ਪੱਖੀ ਗੱਲਬਾਤ ਕਰਨਗੇ। ਦੋਵੇਂ ਨੇਤਾ ਭਾਰਤ-ਅਮਰੀਕਾ ਦੇ ਰਿਸ਼ਤਿਆਂ ‘ਚ ਗਲੋਬਲ ਸਾਂਝੇਦਾਰੀ ਦੇ ਵਿਸਥਾਰ ‘ਤੇ ਚਰਚਾ ਵੀ ਕਰਨਗੇ।