ਪੁਲਿਸ ਪ੍ਰਸ਼ਾਸਨ ਅਤੇ ਨਗਰ ਕੌਂਸਲ ਵੱਲੋਂ ਬਾਜ਼ਾਰਾਂ ਵਿਚੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਜਾਰੀ
ਮਲੋਟ:- ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਜਗਸੀਰ ਸਿੰਘ ਧਾਲੀਵਾਲ ਅਤੇ ਡੀ.ਐੱਸ.ਪੀ. ਮਨਮੋਹਨ ਸਿੰਘ ਔਲਖ ਵੱਲੋਂ ਗਠਿਤ ਕੀਤੀ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੀ ਟੀਮ ਵੱਲੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਤਹਿਤ ਨਵੇਂ ਆਏ ਆਵਾਜਾਈ ਇੰਚਾਰਜ ਗੁਰਦੀਪ ਸਿੰਘ ਸੇਖੋਂ , ਸੈਨਟਰੀ ਸੁਪਰਵਾਈਜ਼ਰ ਗੁਰਬਿੰਦਰ ਸਿੰਘ , ਇੰਸਪੈਕਟਰ ਹਰਵਿੰਦਰ ਪਾਲ ਸਿੰਘ , ਹਰਪਾਲ ਸਿੰਘ , ਸੁਖਜਿੰਦਰ ਸਿੰਘ ਅਤੇ ਨਗਰ ਕੌਂਸਲ ਕਰਮਚਾਰੀਆਂ ਦੀ ਟੀਮ ਵੱਲੋਂ ਵੱਖ - ਵੱਖ ਬਾਜ਼ਾਰਾਂ ਵਿਚੋਂ ਨਾਜਾਇਜ਼ ਕਬਜ਼ੇ ਹਟਾਏ ਗਏ। ਇਸ ਮੌਕੇ ਡੀ.ਐੱਸ.ਪੀ. ਮਨਮੋਹਨ ਸਿੰਘ ਔਲਖ ਨੇ ਕਿਹਾ ਕਿ ਹਰ ਰੋਜ਼ ਹੁੰਦੇ ਸੜਕ ਹਾਦਸਿਆਂ ਨੂੰ ਰੋਕਣ ਲਈ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਲਗਾਤਾਰ ਚਲਾਈ ਜਾ ਰਹੀ ਹੈ।
ਉਨ੍ਹਾਂ ਨੇ ਦੁਕਾਨਦਾਰਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਆਪਣੀਆਂ ਦੁਕਾਨਾਂ ਅੱਗੇ ਸਰਕਾਰੀ ਜਗ੍ਹਾ ' ਤੇ ਸਮਾਨ ਰੱਖਣ ਤੋਂ ਬਾਜ ਆਉਣ ਨਹੀਂ ਤਾਂ ਉਨ੍ਹਾਂ ਦਾ ਸਮਾਨ ਜ਼ਬਤ ਕਰਕੇ ਭਾਰੀ ਜ਼ੁਰਮਾਨੇ ਕੀਤੇ ਜਾਣਗੇ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੇ ਵਾਹਨ ਨਿਰਧਾਰਿਤ ਥਾਵਾਂ ' ਤੇ ਹੀ ਪਾਰਕ ਕਰਨ। ਜਿੱਥੇ ਇਕ ਪਾਸੇ ਨਗਰ ਕੌਂਸਲ ਵੱਲੋਂ ਸ਼ਹਿਰ ਵਿਚੋਂ ਨਾਜਾਇਜ਼ ਕਬਜ਼ੇ ਹਟਾਏ ਜਾ ਰਹੇ ਹਨ , ਉੱਥੇ ਹੀ ਦੂਜੇ ਪਾਸੇ ਸੁਪਰ ਬਾਜ਼ਾਰ ਦੇ ਸਾਹਮਣੇ ਸਰਕਾਰੀ ਪਖਾਨੇ ਦੇ ਨਾਲ ਰੇਹੜੀ ਚਾਲਕ ਵਲੋਂ ਨਾਜਾਇਜ਼ ਕਬਜ਼ਾ ਕਰਕੇ ਗੈਰ ਕਾਨੂੰਨੀ ਕੰਮ ਕੀਤੇ ਜਾ ਰਹੇ ਹਨ ਅਤੇ ਸਰਕਾਰੀ ਪਖਾਨੇ ' ਤੇ ਵੀ ਕਬਜ਼ਾ ਕੀਤਾ ਹੋਇਆ ਹੈ ਅਤੇ ਉਸ ਵਲੋਂ ਹਰ ਰੋਜ਼ ਸੜਕ ' ਤੇ ਪਾਣੀ ਡੋਲ ਕੇ ਸੜਕ ਤੇ ਖੱਡੇ ਮਾਰ ਰੱਖੇ ਹਨ , ਜਿਸ ਕਾਰਨ ਰਾਹਗੀਰਾਂ ਨੂੰ ਸੜਕ ਤੋਂ ਲੰਘਣ ਸਮੇਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ , ' ਤੇ ਨਗਰ ਕੌਂਸਲ ਦੇ ਕਰਮਚਾਰੀਆਂ ਦੀ ਸਵੱਲੀ ਨਜ਼ਰ ਕਿਉਂ ਨਹੀਂ ਪੈ ਰਹੀ ? ਜਦੋਂ ਇਸ ਸਬੰਧੀ ਨਗਰ ਕੌਂਸਲ ਦੇ ਸੈਨਟਰੀ ਸੁਪਰਵਾਈਜ਼ਰ ਸਰਬਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਜਲਦ ਹੀ ਇਸ ਰੇਹੜੀ ਚਾਲਕ ' ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।