ਸਾਲ 2020 ’ਚ ਲਾਂਚ ਹੋਵੇਗਾ ਚੰਦਰਯਾਨ-3: ਇਸਰੋ ਮੁਖੀ
ਸਾਲ 2020 ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਲਈ ਅਹਿਮ ਸਾਲ ਮੰਨਿਆ ਜਾ ਰਿਹਾ ਹੈ । ਚੰਦਰਯਾਨ-2 ਤੋਂ ਬਾਅਦ ਹੁਣ ਇਸਰੋ ਚੰਦਰਯਾਨ-3 ਦੀਆਂ ਤਿਆਰੀਆਂ ਚ ਜੁਟ ਗਿਆ ਹੈ। ਅੱਜ ਭਾਵ ਨਵੇਂ ਸਾਲ ਮੌਕੇ ਮਿਸ਼ਨ ਚੰਦਰਯਾਨ-3 ਨੂੰ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਜਿਸ ਬਾਰੇ ਜਾਣਕਾਰੀ ਦਿੰਦਿਆਂ ਭਾਰਤੀ ਪੁਲਾੜ ਖੋਜ ਸੰਗਠਨ ਭਾਵ ‘ਇਸਰੋ’ ਦੇ ਮੁਖੀ ਸ੍ਰੀ ਕੇ. ਸੀਵਾਨ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਹੁਣ ਚੰਦਰਯਾਨ-3 ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਤੇ ਇਸ ‘ਤੇ ਕੰਮ ਚੱਲ ਰਿਹਾ ਹੈ । ਸੀਵਾਨ ਨੇ ਦੱਸਿਆ ਕਿ ਪੁਲਾੜ ਨਾਲ ਸਬੰਧਤ ਗਤੀਵਿਧੀਆਂ ਲਈ ਦੂਜੀ ਪੋਰਟ ਦੀ ਸਥਾਪਨਾ ਲਈ ਵੀ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ । ਦਰਅਸਲ, ਇਹ ਦੂਜੀ ਪੋਰਟ ਤਾਮਿਲ ਨਾਡੂ ਦੇ ਠੁਠੂਕੁੜੀ ਵਿਖੇ ਸਥਾਪਤ ਕੀਤੀ ਜਾਵੇਗੀ ।ਇਸ ਤੋਂ ਇਲਾਵਾ ਇਸਰੋ ਮੁਖੀ ਨੇ ਕਿਹਾ ਕਿ ਚੰਦਰਯਾਨ-2 ਦੇ ਮਾਮਲੇ ਵਿੱਚ ਅਸੀਂ ਵਧੀਆ ਪ੍ਰਗਤੀ ਕੀਤੀ ਹੈ,ਹਾਲਾਂਕਿ ਉਹ ਚੰਦਰਮਾ ‘ਤੇ ਸਫ਼ਲਤਾਪੂਰਬਕ ਲੈਂਡ ਨਹੀਂ ਕਰ ਸਕੇ, ਪਰ ਆਰਬਿਟਰ ਸਹੀ ਤਰੀਕੇ ਕੰਮ ਕਰ ਰਿਹਾ ਹੈ । ਉਨ੍ਹਾਂ ਦੱਸਿਆ ਕਿ ਆਰਬਿਟਰ ਅਗਲੇ ਸੱਤ ਸਾਲਾਂ ਤੱਕ ਕੰਮ ਕਰਦਾ ਰਹੇਗਾ ਤੇ ਵਿਗਿਆਨਕ ਅੰਕੜੇ ਭੇਜਦਾ ਰਹੇਗਾ ।ਉਥੇ ਹੀ ਕੇਂਦਰੀ ਮੰਤਰੀ ਸ੍ਰੀ ਜਿਤੇਂਦਰ ਸਿੰਘ ਨੇ ਦੱਸਿਆ ਸੀ ਕਿ ਭਾਰਤ 2020 ਵਿੱਚ ਚੰਦਰਯਾਨ-3 ਲਾਂਚ ਕਰੇਗਾ । ਉਨ੍ਹਾਂ ਕਿਹਾ ਕਿ ਇਸ ਮੁਹਿੰਮ ‘ਤੇ ਚੰਦਰਯਾਨ-2 ਤੋਂ ਵੀ ਘੱਟ ਲਾਗਤ ਆਵੇਗੀ । ਚੰਦਰਯਾਨ-2 ਬਾਰੇ ਗੱਲ ਕਰਦਿਆਂ ਜਿਤੇਂਦਰ ਸਿੰਘ ਨੇ ਕਿਹਾ ਕਿ ਚੰਦਰਮਾ ਦੀ ਸਤ੍ਹਾ ‘ਤੇ ਉੱਤਰਨ ਦੀ ਭਾਰਤ ਦੀ ਇਹ ਪਹਿਲੀ ਕੋਸ਼ਿਸ਼ ਸੀ ਤੇ ਕੋਈ ਦੇਸ਼ ਪਹਿਲਾਂ ਚੰਦਰਮਾ ਦੇ ਬਿਲਕੁਲ ਹਨੇਰੇ ਦੱਖਣੀ ਧਰੁਵ ‘ਤੇ ਉਤਰਨ ਦੀ ਕੋਸ਼ਿਸ਼਼ ਨਹੀਂ ਕਰ ਸਕਿਆ ।