ਟ੍ਰੇਨ ਡਰਾਇਵਰ ਤੇ ਲੋਕਾਂ ਦੀ ਸੂਝ-ਬੂਝ ਸਦਕਾ ਰੇਲਵੇ ਟ੍ਰੇਕ 'ਤੇ ਵੱਡਾ ਹਾਦਸਾ ਹੋਣੋ ਟਲਿਆ

ਗਿੱਦੜਬਾਹਾ - ਗਿੱਦੜਬਾਹਾ ਵਿਖੇ ਰੇਲ ਗੱਡੀ ਦੇ ਡਰਾਇਵਰ ਅਤੇ ਆਮ ਲੋਕਾਂ ਦੀ ਸੂਝ-ਬੂਝ ਨਾਲ ਰੇਲਵੇ ਟ੍ਰੇਕ 'ਤੇ ਹੋਣ ਵਾਲਾ ਵੱਡਾ ਹਾਦਸਾ ਹੋਣੋ ਟਲ ਜਾਣ ਦੀ ਸੂਚਨਾ ਮਿਲੀ ਹੈ, ਜਿਸ ਕਾਰਨ ਲੋਕਾਂ ਦੀ ਜਾਨ ਬਚ ਗਈ। ਜਾਣਕਾਰੀ ਅਨੁਸਾਰ ਗਿੱਦੜਬਾਹਾ ਸ਼ਹਿਰ ਦੇ ਲੰਮੀ ਫਾਟਕ ਕੋਲ ਰੇਲਵੇ ਲਾਇਨ ਦਾ ਮਲਬਾ ਸੀਵਰੇਜ ਕਾਰਨ ਹੇਠਾਂ ਧੱਸ ਗਿਆ ਸੀ, ਜਿਸ ਕਾਰਨ ਉੱਥੇ ਇਕ ਵੱਡਾ ਟੋਆ ਪੈ ਗਿਆ। ਟ੍ਰੇਨ ਦੇ ਉਥੋਂ ਲੰਘਣ ਤੋਂ ਪਹਿਲਾਂ ਮੌਕੇ 'ਤੇ ਮੌਜੂਦ ਲੋਕਾਂ ਨੇ ਇਸ ਦੀ ਸੂਚਨਾ ਡਰਾਇਵਰ ਨੂੰ ਦੇ ਦਿੱਤੀ, ਜਿਸ ਦੇ ਟ੍ਰੇਨ ਨੂੰ ਕੁਝ ਸਮੇਂ ਲਈ ਰੋਕ ਲਿਆ ਅਤੇ ਹਾਦਸਾ ਹੋਣੋ ਟਲ ਗਿਆ। ਟ੍ਰੇਕ ਠੀਕ ਨਾ ਹੋਣ ਕਾਰਨ ਗੱਡੀ ਦੋ ਘੰਟੇ ਤੱਕ ਉਥੇ ਹੀ ਰੁਕੀ ਰਹੀ। ਸ਼ਾਮ ਦੇ ਪੌਣੇ ਕੁ 6 ਵਜੇ ਟ੍ਰੇਕ ਠੀਕ ਹੋਣ ਤੋਂ ਬਾਅਦ ਬੀਕਾਨੇਰ ਤੋਂ ਅਬੋਹਰ ਜਾਣ ਵਾਲੀ ਇਹ ਗੱਡੀ ਆਪਣੇ ਪੜਾਅ ਲਈ ਰਵਾਨਾ ਹੋ ਗਈ।  ਗੇਟਮੈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਾਟਕ ਤੋਂ ਕੁਝ ਦੂਰ ਰੇਲਵੇ ਟ੍ਰੈਕ ਦਾ ਮਲਬਾ ਹੇਠਾਂ ਧੱਸ ਗਿਆ ਸੀ, ਜਿਥੋਂ ਦੀ ਲੰਘਣ 'ਤੇ ਗੱਡੀ ਟ੍ਰੇਕ ਤੋਂ ਹੇਠਾਂ ਡਿੱਗ ਸਕਦੀ ਸੀ। ਘਟਨਾ ਦਾ ਪਤਾ ਲੱਗਣ 'ਤੇ ਉਸ ਨੇ ਤੁਰੰਤ ਝੰਡੀ ਦੇ ਕੇ ਗੱਡੀ ਨੂੰ ਰੋਕ ਲਿਆ। ਇਸ ਦੌਰਾਨ ਉਥੋਂ ਦੀ ਲੰਘਣ ਵਾਲੀਆਂ ਦੂਜੀਆਂ ਗੱਡੀਆਂ ਦੂਜੇ ਸਟੇਸ਼ਨ 'ਤੇ ਰੋਕ ਦਿੱਤੀਆਂ ਗਈਆਂ। ਉੱਧਰ ਸਟੇਸ਼ਨ ਮਾਸਟਰ ਰਣਜੀਤ ਕੁਮਾਰਰ ਨੇ ਦੱਸਿਆ ਕਿ ਰੇਲਵੇ ਟ੍ਰੇਕ ਦੇ ਹੇਠੋਂ ਸੀਵਰੇਜ ਦਾ ਨਾਲਾ ਗੁਜ਼ਰਦਾ ਹੈ, ਜੋ ਮੀਂਹ ਪੈਣ ਕਾਰਨ ਜ਼ਿਆਦਾ ਕਮਜ਼ੋਰ ਹੋ ਗਿਆ ਅਤੇ ਉਸ ਦਾ ਮਲਬਾ ਹੇਠਾਂ ਧੱਸ ਗਿਆ ।